ਡੈਨਮਾਰਕ ਓਪਨ : ਸਿੰਧੂ ਦੀਆਂ ਨਜ਼ਰਾਂ ਜਿੱਤ ਦੇ ਨਾਲ ਵਾਪਸੀ ''ਤੇ
Monday, Oct 18, 2021 - 04:54 PM (IST)
ਓਡੇਨਸੇ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਤੇ ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਡੈਨਮਾਰਕ ਓਪਨ ਵਿਸ਼ਵ ਟੂਰ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਜ਼ਰੀਏ ਇਕ ਬ੍ਰੇਕ ਦੇ ਬਾਅਦ ਕੋਰਟ 'ਤੇ ਵਾਪਸੀ ਕਰੇਗੀ ਤਾਂ ਉਨ੍ਹਾਂ ਦਾ ਟੀਚਾ ਜਿੱਤ ਦੇ ਨਾਲ ਸ਼ੁਰੂਆਤ ਕਰਨ 'ਤੇ ਹੋਵੇਗਾ। ਟੋਕੀਓ ਓਲੰਪਿਕ 'ਚ ਕਾਂਸੀ ਤਮਗ਼ਾ ਜਿੱਤਣ ਦੇ ਬਾਅਦ ਸਿੰਧੂ ਨੇ ਬ੍ਰੇਕ ਲਿਆ ਸੀ। ਹੁਣ ਸਿੰਧੂ ਬੀ. ਡਬਲਯੂ. ਐੱਫ਼ ਵਿਸ਼ਵ ਟੂਰ 'ਚ ਚੰਗਾ ਆਗਾਜ਼ ਕਰਨ ਨੂੰ ਬੇਤਾਬ ਹੋਵੇਗੀ।
ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਈਨਾ ਨੇਹਵਾਲ ਵੀ ਗ੍ਰੋਇਨ ਦੀ ਸੱਟ ਤੋਂ ਉੱਭਰ ਕੇ ਵਾਪਸੀ ਕਰੇਗੀ। ਸੱਟ ਕਾਰਨ ਪਿਛਲੇ ਹਫ਼ਤੇ ਉਬੇਰ ਕੱਪ ਫ਼ਾਈਨਲ 'ਚ ਉਨ੍ਹਾਂ ਨੂੰ ਪਹਿਲਾਂ ਹੀ ਰਿਟਾਇਰ ਹਰਟ ਹੋਣਾ ਪਿਆ ਸੀ। ਚੌਥਾ ਦਰਜਾ ਪ੍ਰਾਪਤ ਸਿੰਧੂ ਦਾ ਸਾਹਮਣਾ ਪਹਿਲੇ ਮੈਚ 'ਚ ਤੁਰਕੀ ਦੀ ਨੇਸਲਿਹਾਨ ਯਿਜਿਟ ਨਾਲ ਹੋਵੇਗਾ ਜਦਕਿ ਸਾਇਨਾ ਜਾਪਾਨ ਦੀ ਆਯਾ ਓਹੋਰੀ ਨਾਲ ਖੇਡੇਗੀ ਜਿਸ 'ਚ ਜਿੱਤਣ 'ਤੇ ਮੁਕਾਬਲਾ ਪੰਜਵਾਂ ਦਰਜਾ ਪ੍ਰਾਪਤ ਕੋਰੀਆਈ ਖਿਡਾਰੀ ਅਨ ਸਿਯੰਗ ਨਾਲ ਹੋ ਸਕਦਾ ਹੈ।
ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਂਰਾਜ ਰੰਕੀਰੈੱਡੀ 'ਤੇ ਵੀ ਨਜ਼ਰਾਂ ਹੋਣਗੀਆਂ। ਸਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਪਹਿਲੇ ਦੌਰ 'ਚ ਇੰਗਲੈਂਡ ਦੇ ਕਾਲਮ ਹੇਮਿੰਗ ਤੇ ਸਟੀਵਨ ਸਟਾਲਵੁਡ ਨਾਲ ਖੇਡੇਗੀ। ਦੋਹਾਂ ਨੇ ਡੈਨਮਾਰਕ 'ਚ ਥਾਮਸ ਕੱਪ 'ਚ ਚਾਰੋ ਮੈਚ ਜਿੱਤੇ ਸਨ। ਪੁਰਸ਼ ਸਿੰਗਲ 'ਚ ਲਕਸ਼ੇ ਸੇਨ ਪਹਿਲੇ ਦੌਰ 'ਚ ਹਮਵਤਨ ਸੌਰਭ ਵਰਮਾ ਨਾਲ ਖੇਡਣਗੇ। ਕਿਦਾਂਬੀ ਸ਼੍ਰੀਕਾਂਤ ਤੇ ਬੀ. ਸਾਈ ਪ੍ਰਣੀਤ ਸੁਦੀਰਮਨ ਕੱਪ ਤੇ ਥਾਮਸ ਕੱਪ ਫਾਈਨਲ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਉਹ ਪਹਿਲੇ ਦੌਰ 'ਚ ਇਕ ਦੂਜੇ ਨਾਲ ਖੇਡਣਗੇ।