IPL 2020 DC vs KXIP : ਦਿੱਲੀ ਨੇ ਸੁਪਰ ਓਵਰ 'ਚ ਪੰਜਾਬ ਨੂੰ ਹਰਾਇਆ

Sunday, Sep 20, 2020 - 11:45 PM (IST)

IPL 2020 DC vs KXIP : ਦਿੱਲੀ ਨੇ ਸੁਪਰ ਓਵਰ 'ਚ ਪੰਜਾਬ ਨੂੰ ਹਰਾਇਆ

ਦੁਬਈ– ਮਾਰਕਸ ਸਟੋਇੰਸ ਨੇ ਪਹਿਲਾਂ ਧਮਾਕੇਦਾਰ ਪਾਰੀ ਖੇਡੀ ਤੇ ਬਾਅਦ ਵਿਚ ਆਖਰੀ ਦੋ ਗੇਂਦਾਂ 'ਤੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਦਿੱਲੀ ਕੈਪੀਟਲਸ ਨੇ ਹਾਰ ਦੇ ਕੰਢੇ 'ਤੇ ਪਹੁੰਚਣ ਦੇ ਬਾਵਜੂਦ ਐਤਾਵਰ ਨੂੰ ਇੱਥੇ ਕਿੰਗਜ਼ ਇਲੈਵਨ ਪੰਜਾਬ ਨੂੰ ਸੁਪਰ ਓਵਰ ਵਿਚ ਹਰਾ ਕੇ 13ਵੇਂ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਖਾਤਾ ਖੋਲਿਆ। ਇਹ ਮੌਜੂਦਾ ਸੈਸ਼ਨ ਦਾ ਦੂਜੇ ਹੀ ਮੈਚ ਸੀ, ਜਿਸ ਦਾ ਨਤੀਜਾ ਸੁਪਰ ਓਵਰ ਨਾਲ ਨਿਕਲਿਆ ਜਿਹੜਾ ਮੌਜੂਦਾ ਸੈਸ਼ਨ ਦਾ ਪਹਿਲਾ ਸੁਪਰ ਓਵਰ ਵੀ ਹੈ।
ਸਟੋਇੰਸ ਨੇ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 21 ਗੇਂਦਾਂ 'ਤੇ 53 ਦੌੜਾਂ ਬਣਾਈਆਂ, ਜਿਸ ਨਾਲ ਦਿੱਲੀ ਆਖਰੀ 3 ਓਵਰਾਂ ਵਿਚ 57 ਦੌੜਾਂ ਜੋੜ ਕੇ 8 ਵਿਕਟਾਂ 'ਤੇ 157 ਦੌੜਾਂ ਬਣਾਉਣ ਵਿਚ ਸਫਲ ਰਿਹਾ। ਇਸ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ (39) ਤੇ ਰਿਸ਼ਭ ਪੰਤ (31) ਨੇ ਚੌਥੀ ਵਿਕਟ ਲਈ 73 ਦੌੜਾਂ ਜੋੜ ਕੇ ਟੀਮ ਨੂੰ 3 ਵਿਕਟਾਂ 'ਤੇ 13 ਦੌੜਾਂ ਤੋਂ ਉਭਾਰਿਆ ਸੀ।

PunjabKesari
ਕਿੰਗਜ਼ ਇਲੈਵਨ ਪੰਜਾਬ ਵਲੋਂ ਮਯੰਕ ਅਗਰਵਾਲ (89) ਨੇ ਆਪਣੇ ਸਬਰ ਦਾ ਚੰਗਾ ਨਜ਼ਾਰਾ ਪੇਸ਼ ਕੀਤਾ ਤੇ ਆਈ. ਪੀ. ਐੱਲ. ਵਿਚ ਆਪਣਾ ਸਰਵਉੱਚ ਸਕੋਰ ਬਣਾਇਆ। ਉਸ ਦੀ ਇਸ ਪਾਰੀ ਨਾਲ ਕਿੰਗਜ਼ ਇਲੈਵਨ ਪੰਜਾਬ ਨੇ 5 ਵਿਕਟਾਂ 'ਤੇ 55 ਦੌੜਾਂ ਤੋਂ ਉਭਰ ਕੇ 8 ਵਿਕਟਾਂ 'ਤੇ 157 ਦੌੜਾਂ ਬਣਾਈਆਂ। ਆਰ. ਅਸ਼ਿਵਨ ਦੇ ਪਹਿਲੇ ਹੀ ਓਵਰ ਵਿਚ ਜ਼ਖ਼ਮੀ ਹੋਣ ਦਾ ਵੀ ਕਿੰਗਜ਼ ਇਲੈਵਨ ਨੂੰ ਫਾਇਦਾ ਮਿਲਿਆ। ਕਿੰਗਜ਼ ਇਲੈਵਨ ਨੂੰ ਆਖਰੀ ਓਵਰ ਵਿਚ 13 ਦੌੜਾਂ ਦੀ ਲੋੜ ਸੀ। ਅਗਰਵਾਲ ਨੇ ਸਟੋਇੰਸ ਦੀ ਪਹਿਲੀ ਗੇਂਦ 'ਤੇ ਛੱਕਾ ਲਾਇਆ ਤੇ ਇਸ ਤੋਂ ਬਾਅਦ ਕ੍ਰਿਸ ਜੌਰਡਨ ਦੇ ਨਾਲ ਵਿਕਟਾਂ ਵਿਚਾਲੇ ਦੌੜ ਨਾਲ ਸਕੋਰ ਬਰਾਬਰ ਕਰ ਦਿੱਤਾ। ਹੁਣ 2 ਗੇਂਦਾਂ 'ਤੇ ਇਕ ਦੌੜ ਦੀ ਲੋੜ ਸੀ ਪਰ ਅਗਰਵਾਲ 5ਵੀਂ ਗੇਂਦ 'ਤੇ ਕੈਚ ਦੇ ਬੈਠਾ। ਅਗਲੀ ਗੇਂਦ 'ਤੇ ਜੌਰਡਨ ਵੀ ਕੈਚ ਦੇ ਬੈਠਾ ਤੇ ਮੈਚ ਸੁਪਰ ਓਵਰ ਵਿਚ ਪਹੁੰਚ ਗਿਆ।

PunjabKesari
ਸੁਪਰ ਓਵਰ ਵਿਚ ਕਿੰਗਜ਼ ਇਲੈਵਨ ਨੇ 2 ਦੌੜਾਂ 'ਤੇ ਦੋਵੇਂ ਵਿਕਟਾਂ ਗੁਆ ਦਿੱਤੀਆਂ। ਕੈਗਿਸੋ ਰਬਾਡਾ ਨੇ ਕੇ. ਐੱਲ. ਰਾਹੁਲ ਤੇ ਨਿਕੋਲਸ ਪੂਰਣ ਨੂੰ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ। ਦਿੱਲੀ ਕੈਪਟਲਸ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਵਿਚਾਲੇ ਚੌਥੀ ਵਿਕਟ ਲਈ ਚੰਗੀ ਸਾਂਝੇਦਾਰੀ ਤੋਂ ਬਾਅਦ ਸਟੋਇੰਸ ਨੇ ਚੰਗਾ ਕਮਾਲ ਦਿਖਾਇਆ। ਪੰਜਾਬ ਵਲੋਂ ਸ਼ੰਮੀ ਨੇ 15 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦਕਿ ਆਈ. ਪੀ. ਐੱਲ. ਵਿਚ ਡੈਬਿਊ ਕਰ ਰਹੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਵੀ ਚੰਗਾ ਪ੍ਰਭਾਵ ਪਾਇਆ ਤੇ 22 ਦੌੜਾਂ 'ਤੇ 1 ਵਿਕਟ ਲਈ। ਸ਼ੈਲਡਨ ਕੋਟਰੈੱਲ (24 ਦੌੜਾਂ 'ਤੇ 2 ਵਿਕਟਾਂ) ਨੇ ਵੀ ਪਹਿਲੇ ਤਿੰਨ ਓਵਰਾਂ ਵਿਚ ਚੰਗੀ ਗੇਂਦਬਾਜ਼ੀ ਕੀਤੀ ਪਰ ਆਖਰੀ ਓਵਰ ਵਿਚ ਉਹ ਮਹਿੰਗਾ ਸਾਬਤ ਹੋਇਆ।

PunjabKesari
ਸਟੋਇੰਸ ਨੇ ਜੌਰਡਨ ਨੂੰ ਹੀ ਨਿਸ਼ਾਨੇ 'ਤੇ ਰੱਖਿਆ ਤੇ ਉਸ 'ਤੇ 18ਵੇਂ ਓਵਰ ਵਿਚ ਛੱਕਾ ਤੇ ਚੌਕਾ ਲਾਉਣ ਤੋਂ ਬਾਅਦ ਇਸ ਗੇਂਦਬਾਜ਼ ਦੇ ਪਾਰੀ ਦੇ ਆਖਰੀ ਓਵਰ ਵਿਚ 2 ਛੱਕੇ ਤੇ 3 ਚੌਕੇ ਲਾਏ ਤੇ ਸਿਰਫ 20 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਜੌਰਡਨ ਨੂੰ ਇਸ ਓਵਰ ਵਿਚ 30 ਦੌੜਾਂ ਪਈਆਂ।
ਦਿੱਲੀ ਨੇ ਟਾਸ ਗੁਆਇਆ ਤੇ ਇਸ ਤੋਂ ਬਾਅਦ ਸ਼ੰਮੀ ਦੀ ਘਾਤਕ ਗੇਂਦਬਾਜ਼ੀ ਤੇ ਲਾਪ੍ਰਵਾਹ ਬੱਲੇਬਾਜ਼ਾਂ ਦੇ ਕਾਰਣ ਜਲਦ ਹੀ ਉਸਦਾ ਸਕੋਰ ਇਕ ਸਮੇਂ 3 ਵਿਕਟਾਂ 'ਤੇ 13 ਦੌੜਾਂ ਹੋ ਗਿਆ। ਪਿੱਚ ਤੋਂ ਅਸਮਾਨ ਉਛਾਲ ਮਿਲ ਰਹੀ ਸੀ ਤੇ ਕਿੰਗਜ਼ ਇਲੈਵਨ ਦੇ ਗੇਂਦਬਾਜ਼ਾਂ ਨੇ ਇਸ ਦਾ ਪੂਰਾ ਫਾਇਦਾ ਚੁੱਕਿਆ। ਇਕ ਸਮੇਂ ਆਲਮ ਇਹ ਸੀ ਕਿ ਦਿੱਲੀ ਦਾ ਸਕੋਰ 17 ਓਵਰਾਂ ਵਿਚ ਤੀਹਰੇ ਅੰਕ ਵਿਚ ਪਹੁੰਚਿਆ ਪਰ ਇਸ ਤੋਂ ਬਾਅਦ ਸਟੋਇੰਸ ਨੇ ਪੂਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ।
ਟੀਮਾਂ ਇਸ ਤਰ੍ਹਾਂ ਹੈ-
ਦਿੱਲੀ ਕੈਪੀਟਲਸ-
ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।


author

Gurdeep Singh

Content Editor

Related News