ਮੌਜੂਦਾ ਚੈਂਪੀਅਨ ਅਲਕਾਰਾਜ਼ ਬਾਂਹ ਦੀ ਸੱਟ ਕਾਰਨ ਫ੍ਰੈਂਚ ਓਪਨ ’ਚੋਂ ਹਟਿਆ
Sunday, Apr 26, 2026 - 11:26 AM (IST)
ਮੈਡ੍ਰਿਡ- ਵਿਸ਼ਵ ਦਾ ਦੂਜੇ ਨੰਬਰ ਦਾ ਖਿਡਾਰੀ ਕਾਰਲੋਸ ਅਲਕਾਰਾਜ਼ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਖਿਤਾਬੀ ਹੈਟ੍ਰਿਕ ਪੂਰੀ ਨਹੀਂ ਕਰ ਸਕੇਗਾ ਕਿਉਂਕਿ ਉਹ ਸੱਜੀ ਬਾਂਹ ’ਚ ਸੱਟ ਕਾਰਨ ਸਾਲ ਦੀ ਇਸ ਦੂਜੇ ਗ੍ਰੈਂਡ ਸਲੈਮ ਤੋਂ ਹਟ ਗਿਆ ਹੈ।
ਅਲਕਾਰਾਜ਼ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਉਹ ਰੋਮ ’ਚ ਹੋਣ ਵਾਲੇ ਇਟਾਲੀਅਨ ਓਪਨ ’ਚ ਵੀ ਹਿੱਸਾ ਨਹੀਂ ਲਵੇਗਾ, ਜਿੱਥੇ ਉਸ ਨੇ ਪਿਛਲੇ ਸਾਲ ਜਿੱਤ ਹਾਸਲ ਕੀਤੀ ਸੀ। ਸਪੇਨ ਦਾ ਇਹ ਖਿਡਾਰੀ ਇਸ ਮਹੀਨੇ ਬਾਰਸੀਲੋਨਾ ਓਪਨ ’ਚ ਆਪਣੇ ਪਹਿਲੇ ਦੌਰ ਦੇ ਮੈਚ ’ਚ ਜਿੱਤ ਹਾਸਲ ਕਰਨ ਦੌਰਾਨ ਜ਼ਖ਼ਮੀ ਹੋ ਗਿਆ ਸੀ ਤੇ ਅਗਲੇ ਦਿਨ ਟੂਰਨਾਮੈਂਟ ਤੋਂ ਹਟ ਗਿਆ ਸੀ। ਉਸ ਨੇ ਇਸ ਹਫਤੇ ਦੇ ਮੈਡ੍ਰਿਡ ਓਪਨ ਤੋਂ ਨਾਂ ਵਾਪਸ ਲੈ ਲਿਆ ਸੀ। ਉਸ ਨੇ ਜਦੋਂ ਸੋਮਵਾਰ ਨੂੰ ਮੈਡ੍ਰਿਡ ’ਚ ਲੌਰੀਅਸ ਵਿਸ਼ਵ ਸਪੋਰਟਸ ਐਵਾਰਡ ਸਮਾਰੋਹ ’ਚ ਹਿੱਸਾ ਲਿਆ ਤਾਂ ਉਸ ਦੀ ਬਾਂਹ ’ਤੇ ਪੱਟੀ ਬੱਝੀ ਹੋਈ ਸੀ। ਉਸ ਨੂੰ ਇਸ ਸਮਾਰੋਹ ’ਚ ਵਿਸ਼ਵ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ।
ਅਲਕਾਰਾਜ਼ ਨੇ ਕਿਹਾ ਕਿ ਮੈਡੀਕਲ ਟੈਸਟਾਂ ਤੋਂ ਬਾਅਦ ਉਸ ਨੇ ਫ੍ਰੈਂਚ ਓਪਨ ਤੋਂ ਹਟਣ ਦਾ ਫੈਸਲਾ ਕੀਤਾ।
