ਦੀਪਿਕਾ ਦਾ ਨੀਦਰਲੈਂਡ ਵਿਰੁੱਧ ਕੀਤਾ ਗਿਆ ਗੋਲ ਮੈਜ਼ਿਕ ਸਕਿੱਲ ਐਵਾਰਡ ਲਈ ਨਾਮਜ਼ਦ
Monday, Jul 07, 2025 - 03:10 PM (IST)

ਨਵੀਂ ਦਿੱਲੀ– ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਦੀਪਿਕਾ ਨੂੰ 2024-25 ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੌਰਾਨ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਵਿਰੁੱਧ ਕੀਤੇ ਗਏ ਮੈਦਾਨੀ ਗੋਲ ਲਈ ਪੋਲੀਗ੍ਰਾਸ ਮੈਜ਼ਿਕ ਸਕਿੱਲ ਐਵਾਰਡ ਲਈ ਨਾਮਜ਼ਦ ਕੀਤਾ ਗਿਆ। ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ 2024-25 ਸੈਸ਼ਨ ਲਈ ਪੋਲੀਗ੍ਰਾਸ ਮੈਜ਼ਿਕ ਸਕਿੱਲ ਐਵਾਰਡ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ ਗਿਆ। ਜੇਤੂ ਦਾ ਫੈਸਲਾ ਵਿਸ਼ਵ ਭਰ ਦੇ ਹਾਕੀ ਖੇਡ ਪ੍ਰੇਮੀਆਂ ਦੀ ਵੋਟਿੰਗ ਦੇ ਆਧਾਰ ’ਤੇ ਕੀਤਾ ਜਾਵੇਗਾ। ਵੋਟਿੰਗ ਕਰਨ ਦੀ ਆਖਰੀ ਮਿਤੀ ਭਾਰਤੀ ਸਮੇਂ ਅਨੁਸਾਰ 14 ਜੁਲਾਈ ਸਵੇਰੇ 3:29 ਹੈ।
ਇਸ ਐਵਾਰਡ ਲਈ ਕੁੱਲ ਤਿੰਨ ਗੋਲਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੀਪਿਕਾ ਨੇ ਇਹ ਗੋਲ ਫਰਵਰੀ 2025 ਵਿਚ ਪ੍ਰੋ ਲੀਗ ਦੇ ਭੁਵਨੇਸ਼ਵਰ ਪੜਾਅ ਦੌਰਾਨ ਕੀਤਾ ਸੀ। ਕਲਿੰਗਾ ਸਟੇਡੀਅਮ ਵਿਚ ਖੇਡਿਆ ਗਿਆ ਇਹ ਮੈਚ ਨਿਰਧਾਰਿਤ ਸਮੇਂ ਵਿਚ 2-2 ਨਾਲ ਬਰਾਬਰ ਰਿਹਾ ਸੀ, ਜਿਸ ਤੋਂ ਬਾਅਦ ਭਾਰਤ ਨੇ ਸ਼ੂਟਆਊਟ ਵਿਚ ਨੀਦਰਲੈਂਡ ਨੂੰ ਹਰਾਇਆ। ਭਾਰਤੀ ਟੀਮ ਜਦੋਂ ਦੋ ਗੋਲਾਂ ਨਾਲ ਪਿੱਛੇ ਚੱਲ ਰਹੀ ਸੀ ਤਦ ਦੀਪਿਕਾ ਨੇ 35ਵੇਂ ਮਿੰਟ ਵਿਚ ਇਹ ਸ਼ਾਨਦਾਰ ਗੋਲ ਕੀਤਾ। ਉਸ ਨੇ ਨੀਦਰਲੈਂਡ ਦੇ ਡਿਫੈਂਸ ਵਿਚ ਸੰਨ੍ਹ ਲਾਉਂਦੇ ਹੋਏ ਸ਼ਾਨਦਾਰ ਤਰੀਕੇ ਨਾਲ ਡ੍ਰਿਬਲ ਕੀਤਾ, ਬੇਸਲਾਈਨ ਨੂੰ ਛੂਹਿਆ ਤੇ ਇਕ ਡਿਫੈਂਡਰ ਦੀ ਸਟਿੱਕ ਦੇ ਉੱਪਰ ਤੋਂ ਗੇਂਦ ਨੂੰ ਅੱਗੇ ਕੱਢ ਕੇ ਗੋਲਕੀਪਰ ਨੂੰ ਝਕਾਨੀ ਦਿੰਦੇ ਹੋਏ ਗੇਂਦ ਨੂੰ ਨੈੱਟ ’ਤੇ ਪਹੁੰਚਾਇਆ।