ਦੀਪਕ ਤੇ ਰਵੀ ਨੇ ਕੀਤਾ ਕੁਆਲੀਫਾਈ, ਸੁਸ਼ੀਲ ਦੇ ਵਰਗ ''ਚ ਜਿੱਤਿਆ ਜਿਤੇਂਦਰ

01/04/2020 12:53:44 AM

ਨਵੀਂ ਦਿੱਲੀ— ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਪਹਿਲਵਾਨ ਦੀਪਕ ਪੂਨੀਆ (86 ਕਿ. ਗ੍ਰਾ.) ਅਤੇ ਰਵੀ ਕੁਮਾਰ ਦਹੀਆ (57) ਨੇ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੇ 74 ਕਿ. ਗ੍ਰਾ. ਵਰਗ ਵਿਚ ਜਿਤੇਂਦਰ ਕੁਮਾਰ ਨੇ ਜਿੱਤ ਹਾਸਲ ਕਰ ਲਈ।
ਰਾਜਧਾਨੀ ਦੇ ਕੇ. ਡੀ. ਜਾਧਵ ਰੈਸਲਿੰਗ ਇੰਡੋਰ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਹੋਏ ਟ੍ਰਾਇਲ ਵਿਚ ਦੋਵੇਂ ਸਟਾਰ ਪਹਿਲਵਾਨਾਂ ਨੇ 17-23 ਫਰਵਰੀ ਤਕ ਚੱਲਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਲਈ ਆਪਣੇ-ਆਪਣੇ ਵਰਗਾਂ ਵਿਚ ਕੁਆਲੀਫਾਈ ਕਰ ਲਿਆ। ਇਸਦੇ ਇਲਾਵਾ ਜਿਤੇਂਦਰ (74), ਸਤਿਆਵ੍ਰਤ ਕਾਦੀਆਨ (97) ਅਤੇ ਸੁਮਿਤ ਮਲਿਕ (125) ਨੇ ਵੀ ਕੁਆਲੀਫਾਈ ਕਰ ਲਿਆ ਹੈ। ਜਿਤੇਂਦਰ ਏਸ਼ੀਆਈ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਕੇ ਸੁਸ਼ੀਲ ਦੇ ਪ੍ਰਮੁੱਖ ਵਿਰੋਧੀ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ।
ਜਿਤੇਂਦਰ ਨੂੰ ਪਿਛਲੇ ਸਾਲ ਸਤੰਬਰ ਵਿਚ ਵਿਸ਼ਵ ਚੈਂਪੀਅਨਸ਼ਿਪ ਲਈ ਹੋਏ ਟ੍ਰਾਇਲਾਂ ਵਿਚ ਸਖਤ ਮੁਕਾਬਲੇ ਵਿਚ ਸੁਸ਼ੀਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਤੇਂਦਰ ਨੇ ਜੇਕਰ ਮਾਰਚ ਵਿਚ ਹੋਣ ਵਾਲੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ ਉਤਰਨਾ ਹੈ ਤਾਂ ਉਸ ਨੂੰ ਰੋਮ ਦੇ ਰੈਂਕਿੰਗ ਟੂਰਨਾਮੈਂਟ ਅਤੇ ਦਿੱਲੀ ਵਿਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣਾ ਦਾਅਵਾ ਮਜ਼ਬੂਤ ਕਰਨਾ ਪਵੇਗਾ। ਪੁਰਸ਼ ਫ੍ਰੀ ਸਟਾਈਲ ਵਿਚ ਰਵੀ ਦਹੀਆ (57 ਕਿ. ਗ੍ਰਾ.), ਬਜਰੰਗ ਪੂਨੀਆ (65 ਕਿ. ਗ੍ਰਾ.) ਅਤੇ ਦੀਪਕ ਪੂਨੀਆ (86 ਕਿ. ਗ੍ਰਾ.) ਅਤੇ ਮਹਿਲਾ ਵਰਗ ਵਿਚ ਵਿਨੇਸ਼ ਫੋਗਟ (53 ਕਿ. ਗ੍ਰਾ.) ਨੂਰ ਸੁਲਤਾਨ ਵਿਚ ਵਿਸ਼ਵ ਚੈਂਪੀਅਨ ਵਿਚ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਚੁੱਕੇ ਹਨ।  


Gurdeep Singh

Content Editor

Related News