ਡੈੱਫ ਕ੍ਰਿਕਟ ਰਾਸ਼ਟਰੀ ਚੈਂਪੀਅਨਸ਼ਿਪ 1 ਮਾਰਚ ਤੋਂ ਦਿੱਲੀ ’ਚ ਸ਼ੁਰੂ
Monday, Mar 01, 2021 - 01:16 PM (IST)
ਨਵੀਂ ਦਿੱਲੀ– ਡੈੱਫ ਕ੍ਰਿਕਟ ਐਸੋਸੀਏਸ਼ਨ ਵਲੋਂ ਨੈਸ਼ਨਲ ਚੈਂਪੀਅਨਸ਼ਿਪ 1 ਮਾਰਚ ਤੋਂ ਦਿੱਲੀ ਵਿਚ ਸ਼ੁਰੂ ਹੋ ਰਹੀ ਹੈ ਜਿਹੜੀ 5 ਮਾਰਚ ਤਕ ਚੱਲੇਗੀ। ਕੋਚ ਦੇਵ ਦੱਤ ਬਘੇਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿਚ ਉੱਤਰੀ, ਦੱਖਣੀ, ਪੱਛਮੀ, ਪੂਰਬੀ ਅਤੇ ਸੈਂਟਰਲ ਅਰਥਾਤ ਜੋਨ ਦੀਆਂ ਰਾਸ਼ਟਰੀ ਟੀਮਾਂ ਆਪਸ ਵਿਚ 50-50 ਓਵਰਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ ਖੇਡਣਗੀਆਂ। ਇਸ ਦੇ ਆਧਾਰ ’ਤੇ ਰਾਸ਼ਟਰੀ ਟੀਮ ਦੀ ਚੋਣ ਕੀਤੀ ਜਾਵੇਗੀ, ਜਿਹੜੀ ਇਸ ਸਾਲ ਅਕਤੂਬਰ ਵਿਚ ਏਸ਼ੀਆ ਕੱਪ ਅਤੇ ਅਗਲੇ ਸਾਲ ਫਰਵਰੀ 2022 ਵਿਚ ਵਰਲਡ ਕੱਪ ਦੌਰਾਨ ਭਾਰਤੀ ਟੀਮ ਦੀ ਕੌਮਾਂਤਰੀ ਪੱਧਰ ’ਤੇ ਅਗਵਾਈ ਕਰ ਸਕੇਗੀ।
ਇਸ ਚੈਂਪੀਅਨਸ਼ਿਪ ਲਈ ਡੀ. ਡੀ. ਸੀ. ਏ. ਦੇ ਮੁਖੀ ਰੋਹਨ ਜੇਟਲੀ ਨੇ ਕ੍ਰਿਕਟ ਕਿੱਟ, ਅੰਪਾਇਰ, ਸਕੋਰਰ ਨੂੰ ਵੀ ਸਪਾਂਸਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਾਇਕ ਜੋ ਵੀ ਹੋਵੇਗਾ, ਅਸੀਂ ਜ਼ਰੂਰ ਕਰਾਂਗੇ। ਇਹ ਚੈਂਪੀਅਨਸ਼ਿਪ ਘੇਵਰਾ ਦੇ ਐੱਮ. ਸੀ. ਇਕ ਤੇ ਦੋ ਮੈਦਾਨ ’ਤੇ ਹੋਵੇਗੀ।