ਧਾਕੜ ਗੇਂਦਬਾਜ਼ ਅਰਸ਼ਦੀਪ ਸਿੰਘ ICC ਇਮਰਜਿੰਗ ਕ੍ਰਿਕਟਰ ਐਵਾਰਡ ਦੀ ਦੌੜ 'ਚ ਸ਼ਾਮਲ

Thursday, Dec 29, 2022 - 01:07 PM (IST)

ਧਾਕੜ ਗੇਂਦਬਾਜ਼ ਅਰਸ਼ਦੀਪ ਸਿੰਘ ICC ਇਮਰਜਿੰਗ ਕ੍ਰਿਕਟਰ ਐਵਾਰਡ ਦੀ ਦੌੜ 'ਚ ਸ਼ਾਮਲ

ਸਪੋਰਟਸ ਡੈਸਕ : ਭਾਰਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਬੁੱਧਵਾਰ ਨੂੰ ਆਈਸੀਸੀ ਦੇ ਸਾਲ ਦੇ ਉੱਭਰਦੇ (ਇਮਰਜਿੰਗ) ਕ੍ਰਿਕਟਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਗੇਂਦਬਾਜ਼ ਤੋਂ ਇਲਾਵਾ ਦੱਖਣੀ ਅਫਰੀਕੀ ਆਲਰਾਊਂਡਰ ਮਾਰਕੋ ਜੇਨਸਨ, ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਫਿਨ ਐਲੇਨ ਤੇ ਅਫਗਾਨਿਸਤਾਨ ਦੇ ਓਪਨਰ ਇਬਰਾਹਿਮ ਜਾਦਰਾਨ ਵੀ ਇਸ ਦੌੜ 'ਚ ਸ਼ਾਮਲ ਹਨ। ਇਸ ਐਵਾਰਡ ਲਈ ਜਨਵਰੀ 'ਚ ਵੋਟਿੰਗ ਸ਼ੁਰੂ ਹੋਵੇਗੀ।

ਅਰਸ਼ਦੀਪ ਨੂੰ ਅੰਤਰਰਾਸ਼ਟਰੀ ਡੈਬਿਊ ਕਰਨ ਤੋਂ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੇਜ਼ ਗੇਂਦਬਾਜ਼ ਨੇ 21 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 18.12 ਦੀ ਔਸਤ ਨਾਲ 33 ਵਿਕਟਾਂ ਲਈਆਂ ਹਨ। ਅਰਸ਼ਦੀਪ ਨਵੀਂ ਅਤੇ ਪੁਰਾਣੀ ਦੋਵਾਂ ਗੇਂਦਾਂ ਨਾਲ ਵਿਕਟਾਂ ਹਾਸਲ ਕਰਨ ਵਿੱਚ ਸਫਲ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ, ਪੰਜ ਦੇਸ਼ਾਂ ਦੇ ਖਿਡਾਰੀ ਲੈਣਗੇ ਹਿੱਸਾ

ਅਰਸ਼ਦੀਪ ਨੇ ਹਾਲ ਹੀ ਵਿੱਚ ਭਾਰਤ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਵਨਡੇ ਵਿੱਚ ਵੀ ਡੈਬਿਊ ਕੀਤਾ ਸੀ। ਉਸਨੇ ਅੰਤਰਰਾਸ਼ਟਰੀ ਕਿ੍ਕਟ ਵਿੱਚ ਥੋੜ੍ਹੇ ਸਮੇਂ ਵਿੱਚ ਕੁਝ ਯਾਦਗਾਰ ਪ੍ਰਦਰਸ਼ਨ ਪੇਸ਼ ਕੀਤੇ, ਜਿਸ ਵਿੱਚ ਮੈਲਬੌਰਨ ਕਿ੍ਕਟ ਮੈਦਾਨ ਵਿੱਚ ਪਾਕਿਸਤਾਨ ਦੇ ਖਿਲਾਫ ਇੱਕ ਪ੍ਰਭਾਵਸ਼ਾਲੀ ਟੀ-20 ਵਿਸ਼ਵ ਕੱਪ ਮੈਚ ਵੀ ਸ਼ਾਮਲ ਹੈ। 

ਅਰਸ਼ਦੀਪ ਨੇ ਆਪਣੀ ਰਫਤਾਰ ਅਤੇ ਸਵਿੰਗ ਕਾਰਨ ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਪਵੇਲੀਅਨ ਭੇਜ ਦਿੱਤਾ ਸੀ। ਤੇਜ਼ ਗੇਂਦਬਾਜ਼ ਨੇ ਡੈੱਥ ਓਵਰਾਂ 'ਚ ਗੇਂਦਬਾਜ਼ੀ 'ਤੇ ਵਾਪਸੀ ਕੀਤੀ ਅਤੇ ਆਸਿਫ ਅਲੀ ਨੂੰ ਵੀ ਆਊਟ ਕਰਕੇ ਮੈਚ 'ਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News