Tokyo Olympics : 46 ਦੀ ਉਮਰ ’ਚ ਸਕੇਟਬੋਰਡਿੰਗ ’ਚ ਉਤਰਨਗੇ ਡੱਲਾਸ ਉਬਰਹੋਲਜ਼ਰ
Sunday, Aug 01, 2021 - 02:08 PM (IST)
ਟੋਕੀਓ– ਵਾਲਾਂ ਦਾ ਸਫੈਦ ਹੋਣਾ ਤੇ ਚਿਹਰੇ ’ਤੇ ਤਜਰਬੇ ਦੀਆਂ ਹਲਕੀਆਂ-ਹਲਕੀਆਂ ਝੁਰੜੀਆਂ ਲਏ ਡੱਲਾਸ ਉਬਰਹੋਲਜ਼ਰ ਓਲੰਪਿਕ ਦੀ ਸਕੇਟਬੋਰਡਿੰਗ ਪ੍ਰਤੀਯੋਗਿਤਾ ’ਚ ਆਪਣੇ ਤੋਂ ਅੱਧੀ ਉਮਰ ਦੇ ਮੁਕਾਬਲੇਬਾਜ਼ਾਂ ਖ਼ਿਲਾਫ਼ ਉਤਰਨਗੇ ਤਾਂ ਉਨ੍ਹਾਂ ਦਾ ਟੀਚਾ ਤਮਗ਼ਾ ਜਿੱਤਣਾ ਨਹੀਂ ਸਗੋਂ ਓਲੰਪਿਕ ਦੇ ਇਸ ਤਜਰਬੇ ਨੂੰ ਜਿਊਣਾ ਹੋਵੇਗਾ।
ਨੌਜਵਾਨ ਖਿਡਾਰੀਆਂ ਨਾਲ ਭਰੇ ਇਸ ਖੇਡ ’ਚ ਜਿੱਥੇ ਵੱਡੇ-ਵੱਡੇ ਸਪਾਂਸਰਾਂ ਦੇ ਨਾਲ ਉਤਰੇ ਖਿਡਾਰੀਆਂ ਦੇ ਇੰਸਟਾਗ੍ਰਾਮ ’ਤੇ ਲੱਖਾਂ ਫਾਲੋਅਰ ਹਨ, ਉੱਥੇ ਹੀ ਦੱਖਣੀ ਅਫ਼ਰੀਕਾ ਦੇ ਡੱਲਾਸ ਖ਼ਾਨਾਬਦੋਸ਼ਾਂ ਦੀ ਤਰ੍ਹਾਂ ਜਿਉਂਦੇ ਹਨ। ਉਹ ਕਨਸਰਟ ’ਚ ਡ੍ਰਾਈਵਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ ਜਿੱਥੇ ਉਨ੍ਹਾਂ ਦਾ ਕੰਮ ਲੋਕਾਂ ਨੂੰ ਲਿਆਉਣਾ ਤੇ ਛੱਡਣਾ ਹੁੰਦਾ ਸੀ। ਇਸ ਤੋਂ ਇਲਾਵਾ ਉਹ ਕੈਨੇਡਾ ਤੋਂ ਅਰਜਨਟੀਨਾ ਤਕ ਕਾਰ ਰਾਹੀਂ ਚਲੇ ਗਏ। ਖ਼ੁਦ ਨੂੰ ਇਹ ਤਜਰਬਿਆਂ ਦਾ ਪਿਟਾਰਾ ਦਸਦੇ ਹਨ।
ਉਨ੍ਹਾਂ ਕਿਹਾ, ‘‘ਮੈਂ ਜਾਣਦਾ ਹਾਂ ਕਿ ਮੈਂ ਇੱਥੇ ਤਮਗ਼ਾ ਨਹੀਂ ਜਿੱਤਾਂਗਾ ਪਰ ਮੈਂ ਆਪਣੀ ਉਮਰ ਦੇ ਲੋਕਾਂ ਲਈ ਮਿਸਾਲ ਬਣਨਾ ਚਾਹੁੰਦਾ ਹਾਂ।’’ ਅਫ਼ਰੀਕਾ ’ਚ ਡੱਲਾਸ ਬੱਚਿਆਂ ਨੂੰ ਨਸ਼ੇ ਤੇ ਅਪਰਾਧ ਤੋਂ ਦੂਰ ਰੱਖਣ ਲਈ ਉਨ੍ਹਾਂ ਸਕੇਟਬੋਰਡਿੰਗ ਦੇ ਗੁਰ ਸਿਖਾਉਂਦੇ ਹਨ। ਉਨ੍ਹਾਂ ਨੇ ‘ਦਿ ਇੰਡੀਗੋ ਮੂਵਮੈਂਟ’ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਕਈ ਸਕੇਟ ਪਾਰਕ ਤੇ ਰੈਂਪ ਬਣਾਏ ਗਏ ਹਨ। ਉਨ੍ਹਾਂ ਦੀ ਮਾਂ ਹਾਲਾਂਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਨ੍ਹਾਂ ਦੇ ਓਲੰਪਿਕ ਲਈ ਕੁਆਲੀਫ਼ਾਈ ਕਰਨ ਤੋਂ ਹੋਈ ਹੈ। ਉਬਰਹੋਲਜ਼ਰ ਨੇ ਕਿਹਾ, ‘‘ਆਖ਼ਰ ਮੈਂ ਆਪਣੀ ਮਾਂ ਨੂੰ ਪ੍ਰਭਾਵਿਤ ਕਰ ਸਕਿਆ। ਪੂਰੀ ਜ਼ਿੰਦਗੀ ’ਚ ਉਨ੍ਹਾਂ ਨੂੰ ਪਹਿਲੀ ਵਾਰ ਲੱਗਾ ਕਿ ਮੈਂ ਕੁਝ ਢੰਗ ਦਾ ਕੰਮ ਕੀਤਾ ਹੈ। ਮੇਰੇ ਲਈ ਇਹੋ ਸਭ ਤੋਂ ਵੱਡੀ ਤਸੱਲੀ ਦੀ ਗੱਲ ਹੈ।’’