CWC 2019 : ਉਮੀਦਾਂ ਬਰਕਰਾਰ ਰੱਖਣ ਉਤਰਨਗੇ ਦੱ. ਅਫਰੀਕਾ ਤੇ ਪਾਕਿਸਤਾਨ

Sunday, Jun 23, 2019 - 02:29 AM (IST)

CWC 2019 : ਉਮੀਦਾਂ ਬਰਕਰਾਰ ਰੱਖਣ ਉਤਰਨਗੇ ਦੱ. ਅਫਰੀਕਾ ਤੇ ਪਾਕਿਸਤਾਨ

ਲੰਡਨ— ਅੰਕ ਸੂਚੀ ਵਿਚ ਹੇਠਲੇ ਸਥਾਨਾਂ 'ਤੇ ਚੱਲ ਰਹੀਆਂ ਦੱਖਣੀ ਅਫਰੀਕਾ ਤੇ ਪਾਕਿਸਤਾਨ ਦੀਆਂ ਟੀਮਾਂ ਐਤਵਾਰ ਨੂੰ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰਨਗੀਆਂ।
ਸ਼੍ਰੀਲੰਕਾ ਦਾ ਵਿਸ਼ਵ ਦੀ ਨੰਬਰ ਇਕ ਟੀਮ ਤੇ ਮੇਜ਼ਬਾਨ ਇੰਗਲੈਂਡ ਵਿਰੁੱਧ 20 ਦੌੜਾਂ ਦੀ ਸਨਸਨੀਖੇਜ਼ ਜਿੱਤ ਨੇ ਟੂਰਨਾਮੈਂਟ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤਾ ਹੈ ਤੇ ਇਕ ਸਮੇਂ ਮੁਕਾਬਲੇ ਵਿਚੋਂ ਬਾਹਰ ਦਿਖਾਈ ਦੇ ਰਹੀਆਂ ਟੀਮਾਂ ਨੂੰ ਵੀ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਦੱਖਣੀ ਅਫਰੀਕਾ ਨੇ ਇਹ ਮੁਕਾਬਲਾ ਹਰ ਹਾਲ ਵਿਚ ਜਿੱਤਣਾ ਹੈ ਤੇ ਇਸ ਨੂੰ ਹਾਰ ਜਾਣ ਦੀ ਸਥਿਤੀ ਵਿਚ ਉਹ ਟੂਰਨਾਮੈਂਟ ਵਿਚੋਂ ਬਾਹਰ ਹੋ ਜਾਵੇਗਾ, ਜਦਕਿ ਪਾਕਿਸਤਾਨ ਲਈ ਜਿੱਤ ਅੱਗੇ ਦਾ ਰਸਤਾ ਖੋਲ੍ਹ ਦੇਵੇਗੀ ਪਰ ਹਾਰ ਜਾਣ ਦੀ ਸਥਿਤੀ ਵਿਚ ਉਸ ਦੇ ਕੋਲ ਆਪਣੇ ਆਖਰੀ ਤਿੰਨ ਮੈਚ ਹੋਣਗੇ ਤੇ ਹਲਕੀ ਜਿਹੀ ਉਮੀਦ ਬਣੀ ਰਹੇਗੀ।
ਇਸ ਵਿਸ਼ਵ ਕੱਪ ਵਿਚ ਅਜੇ ਤਕ ਦੋਵਾਂ ਹੀ ਟੀਮਾਂ ਨੇ ਇਕ-ਇਕ ਮੁਕਾਬਲਾ ਜਿੱਤਿਆ ਹੈ। ਦੱਖਣੀ ਅਫਰੀਕਾ ਦੇ ਛੇ ਮੈਚਾਂ ਵਿਚੋਂ ਇਕ ਜਿੱਤ, ਚਾਰ ਹਾਰ ਤੇ ਇਕ ਰੱਦ ਨਤੀਜੇ ਨਾਲ ਤਿੰਨ ਅੰਕ ਹਨ, ਜਦਕਿ ਪਾਕਿਸਤਾਨ ਦੇ ਪੰਜ ਮੁਕਾਬਲਿਆਂ ਵਿਚ ਇਕ ਜਿੱਤ, ਤਿੰਨ ਹਾਰ ਤੇ ਇਕ ਮੈਚ ਰੱਦ ਹੋਣ ਨਾਲ ਤਿੰਨ ਅੰਕ ਹਨ।
ਦੋਵਾਂ ਹੀ ਟੀਮਾਂ ਲਈ ਇਹ ਮੁਕਾਬਲਾ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਕਾਫੀ ਅਹਿਮ ਹੈ। ਦੱਖਣੀ ਅਫਰੀਕਾ ਨੂੰ ਪਾਕਿਸਤਾਨ ਵਿਰੁੱਧ ਹਰ ਹਾਲ 'ਚ ਜਿੱਤ ਦਰਜ ਕਰਨੀ ਪਵੇਗੀ। ਟੂਰਨਾਮੈਂਟ ਵਿਚ ਉਸ ਦੇ ਹੁਣ ਤਿੰਨ ਮੁਕਾਬਲੇ ਬਾਕੀ ਬਚੇ ਹਨ, ਅਜਿਹੀ ਹਾਲਤ ਵਿਚ ਇਕ ਵੀ ਮੁਕਾਬਲਾ ਹਾਰ ਜਾਣਾ ਉਸ ਦੇ ਲਈ ਅੱਗੇ ਦੇ ਦਰਵਾਜ਼ੇ ਬੰਦ ਕਰ ਸਕਦਾ ਹੈ। ਹਾਲਾਂਕਿ ਅਜੇ ਵੀ ਉਸ ਦੇ ਲਈ ਅੱਗੇ ਦਾ ਰਸਤਾ ਮੁਸ਼ਕਿਲ ਹੈ ਤੇ ਕੋਈ ਚਮਤਕਾਰ ਹੀ ਦੱਖਣੀ ਅਫਰੀਕਾ ਦੀ ਕਿਸ਼ਤੀ ਨੂੰ ਪਾਰ ਲਾ ਸਕਦਾ ਹੈ।
ਦੱਖਣੀ ਅਫਰੀਕਾ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਦੀ ਇਹ ਟੂਰਨਾਮੈਂਟ ਵਿਚ ਚੌਥੀ ਹਾਰ ਸੀ। 6 ਮੈਚਾਂ ਵਿਚੋਂ 4 ਵਿਚ ਹਾਰ ਨਾਲ ਦੱਖਣੀ ਅਫਰੀਕਾ ਲਈ ਸੈਮੀਫਾਈਨਲ ਦੀ ਦੌੜ ਬੇਹੱਦ ਮੁਸ਼ਕਿਲ ਹੋ ਗਈ ਹੈ ਤੇ ਉਸ ਦੇ ਕੋਲ ਇਸ ਟੂਰਨਾਮੈਂਟ ਵਿਚ ਵਾਪਸੀ ਕਰਨ ਲਈ ਜ਼ਿਆਦਾ ਕੁਝ ਨਹੀਂ ਬਚਿਆ ਹੈ।
ਪਾਕਿਸਤਾਨ ਵਿਰੁੱਧ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਨਾਲ-ਨਾਲ ਫੀਲਡਿੰਗ ਵਿਚ ਸੁਧਾਰ ਦੀ ਸਖਤ ਲੋੜ ਹੈ। ਪਿਛਲੇ ਮੁਕਾਬਲੇ ਵਿਚ ਨਿਊਜ਼ੀਲੈਂਡ ਵਿਰੁੱਧ ਦੱਖਣੀ ਅਫਰੀਕਾ ਦੀ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਉਸ ਦੀ ਖਰਾਬ ਫੀਲਡਿੰਗ ਰਹੀ ਸੀ। ਦੱਖਣੀ ਅਫਰੀਕਾ ਨੂੰ ਪਾਕਿਸਤਾਨ ਵਿਰੁੱਧ ਹਮਲਾਵਰ ਗੇਂਦਬਾਜ਼ੀ ਕਰਨੀ ਪਵੇਗੀ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਤਾਕਤ ਉਸ ਦੀ ਗੇਂਦਬਾਜ਼ੀ ਹੈ। ਅਜਿਹੀ ਹਾਲਤ ਵਿਚ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਸੰਭਲ ਕੇ ਪਾਕਿਸਤਾਨੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਪਵੇਗਾ। ਦੱਖਣੀ ਅਫਰੀਕਾ ਕੋਲ ਬਿਹਤਰੀਨ ਬੱਲੇਬਾਜ਼ੀ ਕ੍ਰਮ ਹੈ ਤੇ ਉਸ ਦੇ ਕੋਲ ਇਸ ਮੁਕਾਬਲੇ ਵਿਚ ਆਪਣੀ ਫਾਰਮ ਨੂੰ ਹਾਸਲ ਕਰਨ ਦਾ ਆਖਰੀ ਮੌਕਾ ਹੈ। ਪਾਕਿਸਤਾਨ ਵਿਰੁੱਧ ਇਕ ਵੀ ਖੁੰਝ ਦੱਖਣੀ ਅਫਰੀਕਾ ਦਾ ਇਸ ਵਿਸ਼ਵ ਕੱਪ ਵਿਚ ਸਫਰ ਖਤਮ ਕਰ ਸਕਦੀ ਹੈ। 
ਭਾਰਤ ਹੱਥੋਂ ਕਰਾਰੀ ਹਾਰ ਤੋਂ ਉੱਭਰ ਕੇ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਵਿਰੁੱਧ ਵਾਪਸੀ ਕਰਨੀ ਪਵੇਗੀ। ਪਾਕਿਸਤਾਨ ਕੋਲ ਵੀ ਹੁਣ ਘੱਟ ਮੌਕੇ ਹਨ ਤੇ ਉਸ ਨੂੰ ਗੇਂਦਬਾਜ਼ੀ ਤੋਂ ਇਲਾਵਾ ਬੱਲੇਬਾਜ਼ੀ 'ਤੇ ਆਪਣਾ ਧਿਆਨ ਦੇਣ ਦੀ ਲੋੜ ਹੈ। ਭਾਰਤ ਵਿਰੁੱਧ ਦੂਜੀ ਵਿਕਟ ਲਈ ਫਖਰ ਜ਼ਮਾਨ ਤੇ ਬਾਬਰ ਆਜ਼ਮ ਨੇ ਬਿਹਤਰੀਨ ਸਾਂਝੇਦਾਰੀ ਕੀਤੀ ਸੀ ਪਰ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਪੈਵੇਲੀਅਨ ਪਰਤਦੇ ਹੀ ਪਾਕਿਸਤਾਨ ਦਾ ਮੱਧਕ੍ਰਮ ਢਹਿ-ਢੇਰੀ ਹੋ ਗਿਆ ਸੀ। ਪਾਕਿਸਤਾਨ ਨੂੰ ਦੱਖਣੀ ਅਫਰੀਕਾ ਵਿਰੁੱਧ ਚੰਗੀ ਬੱਲੇਬਾਜ਼ੀ ਕਰਨੀ ਪਵੇਗੀ।


author

Gurdeep Singh

Content Editor

Related News