CWC 2019 : ਜਿੱਤ ਦੀ ਹੈਟ੍ਰਿਕ ਲਾਉਣ ਉਤਰੇਗੀ ਟੀਮ ਇੰਡੀਆ
Thursday, Jun 13, 2019 - 01:30 AM (IST)
ਨਾਟਿੰਘਮ— ਓਪਨਰ ਸ਼ਿਖਰ ਧਵਨ ਦੇ ਅੰਗੂਠੇ ਦੀ ਸੱਟ ਕਾਰਣ ਮੁਸ਼ਕਿਲ 'ਚ ਆਏ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਵੀਰਵਾਰ ਨੂੰ ਇਥੇ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਆਪਣੇ ਆਖਰੀ ਇਲੈਵਨ ਨੂੰ ਲੈ ਕੇ ਫੈਸਲਾ ਕਰਨ ਅਤੇ ਨਾਲ ਹੀ ਆਪਣੀ ਜੇਤੂ ਲੈਅ ਨੂੰ ਵੀ ਬਰਕਰਾਰ ਰੱਖਣਾ ਪਵੇਗਾ। ਵਿਸ਼ਵ ਦੀ ਨੰਬਰ-2 ਟੀਮ ਭਾਰਤ ਨੇ ਆਪਣੇ ਪਹਿਲੇ 2 ਮੁਕਾਬਲੇ ਦੱਖਣੀ ਅਫਰੀਕਾ ਅਤੇ ਪਿਛਲੇ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਜਿੱਤ ਲਏ ਹਨ। ਹੁਣ ਉਸ ਦਾ ਮੁਕਾਬਲਾ ਉਸ ਟੀਮ ਨਾਲ ਹੈ, ਜੋ ਲਗਾਤਾਰ 3 ਮੈਚ ਜਿੱਤ ਚੁੱਕੀ ਹੈ। ਨਿਊਜ਼ੀਲੈਂਡ ਨੇ ਏਸ਼ੀਆ ਦੀਆਂ 3 ਟੀਮਾਂ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੂੰ ਹਰਾਇਆ ਹੈ। ਹੁਣ ਉਸ ਦੀਆਂ ਨਜ਼ਰਾਂ ਚੌਥੀ ਏਸ਼ੀਆਈ ਟੀਮ ਭਾਰਤ ਖਿਲਾਫ ਵੀ ਜਿੱਤ ਹਾਸਲ ਕਰਨ 'ਤੇ ਲੱਗੀਆਂ ਹੋਈਆਂ ਹੈ। ਭਾਰਤ ਸਾਹਮਣੇ ਖੱਬੇ ਹੱਥ ਦੇ ਓਪਨਰ ਸ਼ਿਖਰ ਦੇ ਜ਼ਖਮੀ ਹੋ ਜਾਣ ਨਾਲ ਇਲੈਵਨ ਨੂੰ ਲੈ ਕੇ ਸਮੱਸਿਆ ਖੜ੍ਹੀ ਹੋਈ ਹੈ। ਸ਼ਿਖਰ ਨੇ ਆਸਟਰੇਲੀਆ ਖਿਲਾਫ ਪਿਛਲੇ ਮੈਚ ਵਿਚ ਜੇਤੂ ਸੈਂਕੜਾ ਬਣਾਇਆ ਸੀ।
ਇਸ ਦੌਰਾਨ ਉਸ ਨੂੰ ਆਪਣੇ ਖੱਬੇ ਹੱਥ ਦੇ ਅੰਗੂਠੇ 'ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਗੇਂਦ 'ਤੇ ਸੱਟ ਲੱਗ ਗਈ ਸੀ। ਸਕੈਨ ਕਰਾਏ ਜਾਣ 'ਤੇ ਉਸ ਵਿਚ ਫ੍ਰੈਕਚਰ ਦਾ ਪਤਾ ਲੱਗਾ ਸੀ। ਫਿਲਹਾਲ ਭਾਰਤੀ ਟੀਮ ਮੈਨੇਜਮੈਂਟ ਨੇ ਸ਼ਿਖਰ ਦੇ ਕਵਰ ਦੇ ਤੌਰ 'ਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇੰਗਲੈਂਡ ਬੁਲਾਇਆ ਹੈ। ਸ਼ਿਖਰ ਦੇ ਨਿਊਜ਼ੀਲੈਂਡ ਖਿਲਾਫ ਮੈਚ 'ਚੋਂ ਬਾਹਰ ਹੋ ਜਾਣ ਤੋਂ ਬਾਅਦ ਲੋਕੇਸ਼ ਰਾਹੁਲ ਨੂੰ ਓਪਨਿੰਗ ਵਿਚ ਰੋਹਿਤ ਸ਼ਰਮਾ ਦੇ ਜੋੜੀਦਾਰ ਦੇ ਰੂਪ ਵਿਚ ਉਤਾਰਿਆ ਜਾ ਸਕਦਾ ਹੈ। ਰਾਹੁਲ ਹੁਣ ਤੱਕ 2 ਮੈਚਾਂ ਵਿਚ ਚੌਥੇ ਨੰਬਰ 'ਤੇ ਖੇਡਿਆ ਸੀ, ਜਦਕਿ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਵਿਚ ਉਸ ਨੇ ਚੌਥੇ ਨੰਬਰ 'ਤੇ ਹੀ ਸੈਂਕੜਾ ਬਣਾਇਆ ਸੀ। ਰਾਹੁਲ ਆਮ ਤੌਰ 'ਤੇ ਓਪਨਰ ਬੱਲੇਬਾਜ਼ ਹੈ ਪਰ ਰੋਹਿਤ ਅਤੇ ਸ਼ਿਖਰ ਦੀ ਤਜਰਬੇਕਾਰ ਜੋੜੀ ਕਾਰਣ ਉਹ ਚੌਥੇ ਨੰਬਰ 'ਤੇ ਉਤਰ ਰਿਹਾ ਸੀ।
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਾਰਦਿਕ ਪੰਡਯਾ, ਕੇਦਾਰ ਯਾਦਵ, ਵਿਜੇ ਸ਼ੰਕਰ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ ਵਿਚੋਂ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਮੈਟ ਹੈਨਰੀ, ਟਾਮ ਲਾਥਮ, ਕੋਲਿਨ ਮੁਨਰੋ, ਜਿੰਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ੇਲ ਸੇਂਟਨਰ, ਈਸ਼ ਸੋਢੀ, ਟ੍ਰੇਂਟ ਬੋਲਟ, ਕਾਲਿਨ ਡੀ ਗ੍ਰੈਂਡਹੋਮ, ਲਾਕੀ ਫਗਰਯੁਸਨ, ਟਿਮ ਸਾਊਥੀ, ਰਾਸ ਟੇਲਰ, ਟਾਮ ਬਲੰਡੇਲ (ਵਿਕਟਕੀਪਰ) ਵਿਚੋਂ।