CWC 2019 : ਰਿਕਾਰਡ ਬਣਾ ਕੇ ਸ਼੍ਰੀਲੰਕਾ ਦੇ ਸਲਿਥ ਮਲਿੰਗਾ ਨੇ ਵੀ ਲਿਆ ਸੰਨਿਆਸ

Sunday, Jul 07, 2019 - 02:04 AM (IST)

CWC 2019 : ਰਿਕਾਰਡ ਬਣਾ ਕੇ ਸ਼੍ਰੀਲੰਕਾ ਦੇ ਸਲਿਥ ਮਲਿੰਗਾ ਨੇ ਵੀ ਲਿਆ ਸੰਨਿਆਸ

ਜਲੰਧਰ— ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਲੀਡਸ ਦੇ ਮੈਦਾਨ 'ਤੇ ਭਾਰਤ ਵਿਰੁੱਧ ਖੇਡਿਆ ਗਿਆ ਮੈਚ ਉਸ ਦੇ ਕਰੀਅਰ ਦਾ ਆਖਰੀ ਵਨ ਡੇ ਮੈਚ ਸੀ। ਇਸ ਮੈਚ 'ਚ ਮਲਿੰਗਾ ਇਕ ਵੱਡਾ ਰਿਕਾਰਡ ਵੀ ਆਪਣੇ ਨਾਂ ਕਰ ਗਏ। ਇਹ ਰਿਕਾਰਡ ਸੀ- ਕ੍ਰਿਕਟ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੀ ਸੂਚੀ 'ਚ ਤੀਜੇ ਸਥਾਨ 'ਤੇ। ਮਲਿੰਗਾ ਦੇ ਨਾਂ ਹੁਣ ਵਿਸ਼ਵ ਕੱਪ 'ਚ 56 ਵਿਕਟਾਂ ਹਾਸਲ ਕਰਨ ਦਾ ਵੀ ਰਿਕਾਰਡ ਦਰਜ ਹੋ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਵਸੀਮ ਅਕਰਮ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾ ਨੇ 55 ਵਿਕਟਾਂ ਹਾਸਲ ਕੀਤੀਆਂ ਸਨ। ਇਸ ਸੂਚੀ 'ਚ 71 ਵਿਕਟਾਂ ਦੇ ਨਾਲ ਆਸਟਰੇਲੀਆ ਦੇ ਗਲੇਨ ਮੈਕਗ੍ਰਾ ਪਹਿਲੇ ਨੰਬਰ 'ਤੇ ਹਨ।


ਮਲਿੰਗਾ ਦੇ ਲਈ ਕ੍ਰਿਕਟ ਵਿਸ਼ਵ ਕੱਪ 2019 ਮਿਲਿਆਜੁਲਿਆ ਰਿਹਾ। ਉਨ੍ਹਾ ਨੇ 7 ਮੈਚਾਂ 'ਚ 13 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵਿਰੁੱਧ ਮੈਚ ਦੇ ਦੌਰਾਨ ਉਸ ਨੇ 4 ਵਿਕਟਾਂ ਹਾਸਲ ਕੀਤੀਆਂ ਸਨ। ਕਈ ਮੈਚਾਂ 'ਚ ਉਹ ਮਹਿੰਗੇ ਵੀ ਸਾਬਤ ਹੋਏ। ਇਸਦਾ ਅਸਰ ਸ਼੍ਰੀਲੰਕਾ ਟੀਮ ਦੀ ਪਰਫਾਰਮੈਸ 'ਤੇ ਪਿਆ।


ਚਾਰ ਗੇਂਦਾਂ 'ਚ 4 ਵਿਕਟਾਂ ਹਾਸਲ ਕਰਨ ਦਾ ਹੈ ਰਿਕਾਰਡ
ਮਲਿੰਗਾ ਦੇ ਨਾਂ 'ਤੇ ਕ੍ਰਿਕਟ ਵਿਸ਼ਵ ਕੱਪ 'ਚ ਲਗਾਤਾਰ 4 ਗੇਂਦਾਂ 'ਤੇ ਚਾਰ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਦਰਜ ਹੈ। ਮਲਿੰਗਾ ਨੇ ਇਹ ਰਿਕਾਰਡ 2007 'ਚ ਦੱਖਣੀ ਅਫਰੀਕਾ ਵਿਰੁੱਧ ਬਣਾਇਆ ਸੀ। ਸ਼੍ਰੀਲੰਕਾ ਦੀ ਟੀਮ 2007 ਤੇ 2011 'ਚ ਲਗਾਤਾਰ ਦੋ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਸੀ। ਇਸ 'ਚ ਮਲਿੰਗਾ ਦਾ ਅਹਿਮ ਯੋਗਦਾਨ ਰਿਹਾ ਹੈ।


ਮਲਿੰਗਾ ਦਾ ਕਰੀਅਰ
ਮਲਿੰਗਾ ਨੇ 2004 'ਚ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਆਸਟਰੇਲੀਆ ਵਿਰੁੱਧ ਟੈਸਟ ਮੈਚ ਤੋਂ ਕੀਤੀ ਸੀ। ਯੂ. ਏ. ਈ. ਵਿਰੁੱਧ ਉਨ੍ਹਾਂ ਨੇ ਪਹਿਲਾ ਵਨ ਡੇ ਖੇਡਿਆ ਸੀ। 15 ਸਾਲ ਲੰਮੇ ਆਪਣੇ ਕ੍ਰਿਕਟ ਕਰੀਅਰ 'ਚ ਮਲਿੰਗਾ ਨੇ 30 ਟੈਸਟ 'ਚ 101, 225 ਵਨ ਡੇ 'ਚ 335 ਤੇ 73 ਅੰਤਰਰਾਸ਼ਟਰੀ ਟੀ-20 ਮੈਚ 'ਚ 97 ਵਿਕਟਾਂ ਹਾਸਲ ਕੀਤੀਆਂ ਹਨ। ਟੈਸਟ ਕਰੀਅਰ ਤੋਂ ਉਹ 2011 'ਚ ਹੀ ਸੰਨਿਆਸ ਲੈ ਚੁੱਕੇ ਹਨ। ਉਸਦੀ ਕਪਤਾਨੀ 'ਚ ਹੀ ਸ਼੍ਰੀਲੰਕਾ ਨੇ ਸਾਲ 2012 'ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।


author

Gurdeep Singh

Content Editor

Related News