CWC 2019 : ਸੈਮੀਫਾਈਨਲ ਦੀ ਟਿਕਟ ਲਈ ਭਿੜਨਗੇ ਨਿਊਜ਼ੀਲੈਂਡ-ਇੰਗਲੈਂਡ

Wednesday, Jul 03, 2019 - 03:20 AM (IST)

CWC 2019 : ਸੈਮੀਫਾਈਨਲ ਦੀ ਟਿਕਟ ਲਈ ਭਿੜਨਗੇ ਨਿਊਜ਼ੀਲੈਂਡ-ਇੰਗਲੈਂਡ

ਚੇਸਟਰ ਲੀ ਸਟ੍ਰੀਟ— ਆਈ. ਸੀ. ਸੀ. ਵਿਸ਼ਵ ਕੱਪ ਵਿਚ ਇਕ ਸਮੇਂ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਮੇਜ਼ਬਾਨ ਇੰਗਲੈਂਡ ਭਾਰਤ ਵਿਰੁੱਧ ਪਿਛਲੀ ਜਿੱਤ ਤੋਂ ਬਾਅਦ ਵਾਪਸ ਪਟੜੀ 'ਤੇ ਪਰਤ ਆਈ ਹੈ ਅਤੇ ਬੁੱਧਵਾਰ ਨੂੰ ਸੈਮੀਫਾਈਨਲ ਦਾ ਦਾਅਵਾ ਪੱਕਾ ਕਰਨ ਲਈ ਨਿਊਜ਼ੀਲੈਂਡ ਨਾਲ ਅਹਿਮ ਮੁਕਾਬਲੇ ਵਿਚ ਉਤਰੇਗੀ।
ਅੰਕ ਸੂਚੀ ਵਿਚ ਟਾਪ-4 ਵਿਚੋਂ ਬਾਹਰ ਹੋ ਗਈ ਇੰਗਲੈਂਡ ਆਪਣੇ ਪਿਛਲੇ ਮੈਚ ਵਿਚ ਭਾਰਤ ਵਿਰੁੱਧ 31 ਦੌੜਾਂ ਦੀ ਜਿੱਤ ਤੋਂ ਬਾਅਦ ਟਾਪ-4 ਵਿਚ ਪਰਤ ਆਈ ਹੈ ਪਰ ਉਸ ਨੂੰ ਸੈਮੀਫਾਈਨਲ ਵਿਚ ਦਾਅਵਾ ਪੱਕਾ ਕਰਨ ਲਈ ਹਰ ਹਾਲ ਵਿਚ ਅਗਲੇ ਮੈਚ ਨੂੰ ਜਿੱਤਣਾ ਪਵੇਗਾ। ਅਜੇ ਇੰਗਲੈਂਡ ਦੇ 8 ਮੈਚਾਂ ਵਿਚ 10 ਅੰਕ ਹਨ, ਜਦਕਿ ਉਸ ਤੋਂ ਅੱਗੇ ਤੀਜੇ ਨੰਬਰ 'ਤੇ ਨਿਊਜ਼ੀਲੈਂਡ ਹੈ, ਜਿਸ ਦੇ 8 ਮੈਚਾਂ ਵਿਚੋਂ 11 ਅੰਕ ਹਨ ਤੇ ਉਸਦੀਆਂ ਨਜ਼ਰਾਂ ਵੀ ਆਖਰੀ-4 ਵਿਚ ਜਗ੍ਹਾ ਪੱਕੀ ਕਰਨ 'ਤੇ ਲੱਗੀਆਂ ਹਨ।
ਨਿਊਜ਼ੀਲੈਂਡ ਲਈ ਵੀ ਆਖਰੀ ਕੁਝ ਮੈਚਾਂ ਵਿਚ ਸਥਿਤੀ ਉਤਰਾਅ-ਚੜ੍ਹਾਅ ਭਰੀ ਰਹੀ ਹੈ ਤੇ ਉਹ ਆਪਣੇ ਪਿਛਲੇ ਦੋ ਮੈਚ ਹਾਰ ਕੇ ਪਹਿਲੇ ਸਥਾਨ ਤੋਂ ਖਿਸਕ ਕੇ ਹੁਣ ਤੀਜੇ ਨੰਬਰ 'ਤੇ ਆ ਗਈ ਹੈ। ਕੀਵੀ ਟੀਮ ਨੂੰ ਆਪਣੇ ਪਿਛਲੇ ਮੈਚ ਵਿਚ ਆਸਟਰੇਲੀਆ ਹੱਥੋਂ 86 ਦੌੜਾਂ ਦੀ ਕਰਾਰੀ ਹਾਰ ਝੱਲਣੀ ਪਈ ਸੀ, ਜਦਕਿ ਪਾਕਿਸਤਾਨ ਨੇ ਉਸ ਨੂੰ 6 ਵਿਕਟਾਂ ਨਾਲ ਹਰਾਇਆ ਸੀ। 
ਜੇਕਰ ਇੰਗਲੈਂਡ ਨੂੰ ਚੇਸਟਰ ਲੀ ਸਟ੍ਰੀਟ ਵਿਚ ਹਾਰ ਝੱਲਣੀ ਪਈ ਤਾਂ ਆਪਣਾ ਅਗਲਾ ਮੈਚ ਜਿੱਤਣ ਦੀ ਸਥਿਤੀ ਵਿਚ ਪਾਕਿਸਤਾਨ ਦੇ ਚੌਥੇ ਨੰਬਰ 'ਤੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਬੰਗਲਾਦੇਸ਼ ਵੀ ਦੌੜ ਵਿਚ ਬਣੀ ਹੋਈ ਹੈ ਪਰ ਪਾਕਿਸਤਾਨ ਤੇ ਉਸ ਦੀ ਰਨ ਰੇਟ ਪਿੱਛੇ ਹੈ, ਅਜਿਹੀ ਹਾਲਤ 'ਚ ਚੌਥੇ ਸਥਾਨ ਲਈ ਸਮੀਕਰਨ ਕਾਫੀ ਉਲਝੇ ਹੋਏ ਹਨ। ਕਿਸੇ ਪੇਚੀਦਾ ਸਮੀਕਰਨ ਤੋਂ ਬਚਣ ਲਈ ਇੰਗਲੈਂਡ ਤੇ ਨਿਊਜ਼ੀਲੈਂਡ ਦੋਵੇਂ ਹੀ ਟੀਮਾਂ ਜਿੱਤ ਲਈ ਪੂਰਾ ਜ਼ੋਰ ਲਾਉਣਗੀਆਂ। ਫਿਲਹਾਲ ਦੋਵਾਂ ਦੀ ਸਥਿਤੀ ਇਕੋ ਜਿਹੀ ਹੈ ਪਰ ਭਾਰਤ ਵਿਰੁੱਧ ਪਿਛਲੀ ਜਿੱਤ ਤੋਂ ਬਾਅਦ ਇੰਗਲੈਂਡ ਦਾ ਮਨੋਬਲ ਵਧਿਆ ਹੈ।


author

Gurdeep Singh

Content Editor

Related News