CWC 2019: ਸ਼੍ਰੀਲੰਕਾ ਵਿਰੁੱਧ ਮਜ਼ਬੂਤ ਸ਼ੁਰੂਆਤ ''ਤੇ ਨਿਊਜ਼ੀਲੈਂਡ ਦੀਆਂ ਨਜ਼ਰਾਂ
Saturday, Jun 01, 2019 - 12:38 AM (IST)

ਕਾਰਡਿਫ- ਬਦਲਾਅ ਦੇ ਦੌਰ 'ਚੋਂ ਲੰਘ ਰਹੀ ਸ਼੍ਰੀਲੰਕਾਈ ਟੀਮ ਵਿਰੁੱਧ ਨਿਊਜ਼ੀਲੈਂਡ ਆਈ. ਸੀ. ਸੀ. ਵਿਸ਼ਵ ਕੱਪ ਵਿਚ ਸ਼ਨੀਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗਾ, ਜਿੱਥੇ ਉਸ ਦੀਆਂ ਨਜ਼ਰਾਂ ਜੇਤੂ ਸ਼ੁਰੂਆਤ ਦੇ ਨਾਲ ਆਗਾਮੀ ਟੂਰਨਾਮੈਂਟ ਵਿਚ ਵੱਡੇ ਉਲਟਫੇਰ 'ਤੇ ਲੱਗੀਆਂ ਹਨ। ਨਿਊਜ਼ੀਲੈਂਡ ਦੀ ਟੀਮ ਪਿਛਲੇ ਵਿਸ਼ਵ ਕੱਪ ਦੀ ਫਾਈਨਲਿਸਟ ਰਹੀ ਹੈ। ਮੌਜੂਦਾ ਵਿਸ਼ਵ ਕੱਪ ਵਿਚ ਉਹ ਖਿਤਾਬ ਦੇ ਦਾਅਵੇਦਾਰਾਂ ਵਿਚ ਭਾਵੇਂ ਹੀ ਨਾ ਗਿਣੀ ਜਾ ਰਹੀ ਹੋਵੇ ਪਰ ਉਹ ਇਕ ਮਜ਼ਬੂਤ ਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਟੀਮ ਹੈ, ਜਿਹੜੇ ਵੱਡੇ ਉਲਟਫੇਰ ਕਰ ਸਕਦੇ ਹਨ। ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੋਏ ਅਭਿਆਸ ਮੈਚ ਵਿਚ ਕੀਵੀ ਟੀਮ ਨੇ ਪਹਿਲੇ ਹੀ ਮੈਚ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤ ਵਿਰੁੱਧ 6 ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ। ਵੈਸਟਇੰਡੀਜ਼ ਵਿਰੁੱਧ ਉਹ ਭਾਵੇਂ ਹੀ 400 ਤੋਂ ਵੱਧ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਤੋਂ ਖੁੰਝ ਗਈ ਹੋਵੇ ਪਰ ਉਸ ਨੇ ਸੰਘਰਸ਼ ਕੀਤਾ ਅਤੇ 330 ਦੌੜਾਂ ਬਣਾ ਕੇ ਹਾਰ ਦੇ ਫਰਕ ਨੂੰ ਘੱਟ ਕੀਤਾ। ਸਾਫ ਹੈ ਕਿ ਨਿਊਜ਼ੀਲੈਂਡ ਵੱਡੇ ਟੀਚਿਆਂ ਦਾ ਪਿੱਛਾ ਕਰਨ ਦਾ ਜਜ਼ਬਾ ਵੀ ਰੱਖਦੀ ਹੈ।
ਦੂਜੇ ਪਾਸੇ ਸ਼੍ਰੀਲੰਕਾਈ ਟੀਮ ਆਪਣੇ ਕਈ ਧਾਕੜ ਖਿਡਾਰੀਆਂ ਦੀ ਰਿਟਾਇਰਮੈਂਟ ਤੋਂ ਬਾਅਦ ਬਦਲਾਅ ਦੇ ਦੌਰ 'ਚੋਂ ਹੀ ਲੰਘ ਰਹੀ ਹੈ ਅਤੇ ਅਜੇ ਉਸਦੀ ਸਥਿਤੀ ਸਥਿਰ ਨਹੀਂ ਦਿਸਦੀ ਹੈ। ਸ਼੍ਰੀਲੰਕਾ ਨੂੰ ਆਪਣੇ ਅਭਿਆਸ ਮੈਚ ਵਿਚ ਦੱਖਣੀ ਅਫਰੀਕਾ ਹੱਥੋਂ 87 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਦਕਿ ਦੂਜੇ ਮੈਚ ਵਿਚ ਉਹ ਆਸਟਰੇਲੀਆ ਹੱਥੋਂ 5 ਵਿਕਟਾਂ ਨਾਲ ਹਾਰ ਗਈ ਸੀ। ਇਸ ਪ੍ਰਦਰਸ਼ਨ ਨੇ ਨਿਸ਼ਚਿਤ ਹੀ ਉਸਦੇ ਮਨੋਬਲ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਨਿਊਜ਼ੀਲੈਂਡ ਵਿਰੁੱਧ ਮੈਚ ਵਿਚ ਉਸ 'ਤੇ ਮਨੋਵਿਗਿਆਨਕ ਦਬਾਅ ਰਹੇਗਾ।