ਮੁੰਬਈ ਇੰਡੀਅਨਜ਼ ਖ਼ਿਲਾਫ ਸ਼ੁਰੂਆਤੀ ਮੈਚ ਨਹੀਂ ਖੇਡੇਗੀ ਧੋਨੀ ਦੀ ਟੀਮ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

Monday, Aug 31, 2020 - 03:52 PM (IST)

ਮੁੰਬਈ ਇੰਡੀਅਨਜ਼ ਖ਼ਿਲਾਫ ਸ਼ੁਰੂਆਤੀ ਮੈਚ ਨਹੀਂ ਖੇਡੇਗੀ ਧੋਨੀ ਦੀ ਟੀਮ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਆਯੋਜਨ 19 ਸਤੰਬਰ ਤੋਂ ਹੋਣਾ ਹੈ ਪਰ ਸੀ.ਐੱਸ.ਕੇ. ਦੇ ਇਕ ਖਿਡਾਰੀ ਸਮੇਤ 12 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਲੀਗ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੇ ਮਾਮਲਿਆਂ ਕਾਰਨ ਸੀ.ਐੱਸ.ਕੇ. ਨੂੰ ਸ਼ੁਰੂਆਤੀ ਮੈਂਚਾਂ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਧੋਨੀ ਦੀ ਅਗਵਾਈ ਵਾਲੀ ਸੀ.ਐੱਸ.ਕੇ. ਪਿਛਲੇ ਸੀਜ਼ਨ ਦੀ ਉਪਜੇਤੂ ਟੀਮ ਰਹੀ ਹੈ। 

ਬੀ.ਸੀ.ਸੀ.ਆਈ. ਨੇ 19 ਸਤੰਬਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਸ਼ਡਿਊਲ ਅਜੇ ਤਕ ਜਾਰੀ ਨਹੀਂ ਕੀਤਾ। ਹਾਲਾਂਕਿ, ਆਈ.ਪੀ.ਐੱਲ. ਦਾ ਓਪਨਿੰਗ ਮੈਚ ਪਿਛਲੇ ਸੀਜ਼ਨ ਦੀ ਜੇਤੂ ਅਤੇ ਉਪਜੇਤੂ ਟੀਮ ਵਿਚਕਾਰ ਹੀ ਖੇਡਿਆ ਜਾਂਦਾ ਹੈ। ਬੀ.ਸੀ.ਸੀ.ਆਈ. ਨੇ ਪਹਿਲਾਂ ਜੋ ਸ਼ਡਿਊਲ ਜਾਰੀ ਕੀਤਾ ਸੀ ਉਸ ਵਿਚ ਆਈ.ਪੀ.ਐੱਲ. 13 ਦਾਂ ਆਗਾਜ਼ ਮੁੰਬਈ ਇੰਡੀਅਨਜ਼ ਅਤੇ ਸੀ.ਐੱਸ.ਕੇ. ਵਿਚਾਲੇ ਟੱਕਰ ਨਾਲ ਹੋਣਾ ਸੀ। 

ਸ਼ਡਿਊਲ ਨੂੰ ਲੈ ਕੇ ਸਵਾਲ ਕਾਇਮ
ਸੀ.ਐੱਸ.ਕੇ. ਦੀਆਂ ਮੁਸ਼ਕਲਾਂ ਵੇਖ ਕੇ ਬੀ.ਸੀ.ਸੀ.ਆਈ. ਨਵਾਂ ਪਲਾਨ ਬਣਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਬੀ.ਸੀ.ਸੀ.ਆਈ. ਧੋਨੀ ਦੀ ਟੀਮ ਨੂੰ ਵਾਧੂ ਸਮਾਂ ਦੇਣ ’ਤੇ ਵਿਚਾਰ ਕਰ ਰਿਹਾ ਹੈ। ਦੱਸ ਦੇਈਏ ਕਿ ਸੀ.ਐੱਸ.ਕੇ. ਦੀ ਟ੍ਰੇਨਿੰਗ ਦੀ ਸ਼ੁਰੂਆਤ 28 ਅਗਸਤ ਤੋਂ ਹੋਣੀ ਸੀ ਪਰ ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ 4 ਸਤੰਬਰ ਤਕ ਧੋਨੀ ਦੀ ਟੀਮ ਨੂੰ ਇਕਾਂਤਵਾਸ ’ਚ ਰਹਿਣਾ ਪਵੇਗਾ। ਸਾਰੇ ਖਿਡਾਰੀਆਂ ਅਤੇ ਸਟਾਫ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਸੀ.ਐੱਸ.ਕੇ. ਨੂੰ ਬਾਇਓ ਸਕਿਓਰ ਬਬਲ ਦਾ ਹਿੱਸਾ ਬਣਾਇਆ ਜਾਵੇਗਾ। 

ਹਾਲਾਂਕਿ, ਮੁੰਬਈ ਇੰਡੀਅਨਜ਼ ਟੀਮ ਦਾ ਓਪਨਿੰਗ ਮੈਚ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। ਪਰ ਓਪਨਿੰਗ ਮੈਚ ’ਚ ਮੌਜੂਦਾ ਜੇਤੂ ਦਾ ਸਾਹਮਣਾ ਕਿਹੜੀ ਟੀਮ ਨਾਲ ਹੋਵੇਗਾ ਇਹ ਆਈ.ਪੀ.ਐੱਲ. ਦਾ ਸ਼ਡਿਊਲ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਸ਼ਡਿਊਲ ’ਚ ਦੇਰੀ ਹੋਣ ਕਾਰਨ ਆਈ.ਪੀ.ਐੱਲ. ਦੇ ਰੱਦ ਹੋਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੂਲੀ ਨੇ ਪੂਰੇ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਸਭ ਕੁਝ ਚੰਗਾ ਹੋਣ ਦੀ ਉਮੀਦ ਵੀ ਜਤਾਈ ਹੈ।


author

Rakesh

Content Editor

Related News