ਕ੍ਰਿਕਟ ਟੈਸਟ ਰੈਂਕਿੰਗ : ਨਿਊਜ਼ੀਲੈਂਡ ਦੂਜੇ ਸਥਾਨ 'ਤੇ
Monday, Mar 02, 2020 - 09:46 PM (IST)
ਦੁਬਈ— ਨਿਊਜ਼ੀਲੈਂਡ ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਵਿਰੁੱਧ ਦੋ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤਣ ਤੋਂ ਬਾਅਦ ਆਈ. ਸੀ. ਸੀ. ਟੈਸਟ ਟੀਮ ਰੈਂਕਿੰਗ 'ਚ ਦੋ ਸਥਾਨ ਦੇ ਸੁਧਾਰ ਨਾਲ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੀ ਟੀਮ ਦਸੰਬਰ-ਜਨਵਰੀ 'ਚ ਆਸਟਰੇਲੀਆ ਨਾਲ ਤਿੰਨ ਮੈਚਾਂ ਦੀ ਸੀਰੀਜ਼ 0-3 ਨਾਲ ਗਵਾਉਣ ਤੋਂ ਬਾਅਦ ਚੌਥੇ ਸਥਾਨ 'ਤੇ ਖਿਸਕ ਗਈ ਸੀ ਪਰ ਉਸਨੇ ਭਾਰਤ ਨੂੰ ਹਰਾ ਕੇ ਹੁਣ ਦੂਜਾ ਸਥਾਨ ਹਾਸਲ ਕਰ ਲਿਆ ਹੈ। ਇਸ ਹਾਰ ਦੇ ਬਾਵਜੂਦ ਭਾਰਤ ਦਾ ਨੰਬਰ ਇਕ ਸਥਾਨ ਬਣਿਆ ਹੋਇਆ ਹੈ। ਭਾਰਤ ਦੇ 116 ਅੰਕ ਹਨ ਜਦਕਿ ਨਿਊਜ਼ੀਲੈਂਡ ਦੇ 110 ਅੰਕ ਹਨ। ਆਸਟਰੇਲੀਆ 108 ਅੰਕਾਂ ਦੇ ਨਾਲ ਤੀਜੇ, ਇੰਗਲੈਂਡ 105 ਅੰਕਾਂ ਦੇ ਨਾਲ ਚੌਥੇ ਤੇ ਦੱਖਣੀ ਅਫਰੀਕਾ 98 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ।
ਨਿਊਜ਼ੀਲੈਂਡ ਨੂੰ ਦੋ ਟੈਸਟ ਜਿੱਤਣ ਨਾਲ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਸੂਚੀ 'ਚ 120 ਅੰਕ ਹਾਸਲ ਹੋਏ। ਨਿਊਜ਼ੀਲੈਂਡ ਇਨ੍ਹਾਂ 120 ਅੰਕਾਂ ਦੇ ਸਹਾਰੇ ਆਈ. ਸੀ. ਸੀ. ਚੈਂਪੀਅਨਸ਼ਿਪ ਸੂਚੀ 'ਚ 160 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ 360 ਅੰਕਾਂ ਦੇ ਨਾਲ ਚੋਟੀ ਸਥਾਨ 'ਤੇ ਬਣਿਆ ਹੋਇਆ ਹੈ, ਜਦਕਿ ਆਸਟਰੇਲੀਆ 296 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ। ਇੰਗਲੈਂਡ 146 ਅੰਕਾਂ ਦੇ ਨਾਲ ਚੌਥੇ ਤੇ ਪਾਕਿਸਤਾਨ 140 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹੈ।