ਕ੍ਰਿਕਟ ਆਸਟਰੇਲੀਆ ਨੇ ਖਿਡਾਰੀਆਂ ਨੂੰ IPL ’ਚ ਖੇਡਣ ਲਈ ਜਾਰੀ ਕੀਤੀ NOC
Sunday, Aug 15, 2021 - 06:53 PM (IST)
![ਕ੍ਰਿਕਟ ਆਸਟਰੇਲੀਆ ਨੇ ਖਿਡਾਰੀਆਂ ਨੂੰ IPL ’ਚ ਖੇਡਣ ਲਈ ਜਾਰੀ ਕੀਤੀ NOC](https://static.jagbani.com/multimedia/2021_8image_18_52_367818726auscrickters.jpg)
ਸਪੋਰਟਸ ਡੈਸਕ— ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਪ੍ਰਮੁੱਖ ਆਸਟਰੇਲੀਆ ਖਿਡਾਰੀਆਂ ਦੇ ਟੀ-20 ਵਰਲਡ ਕੱਪ ਤੋਂ ਪਹਿਲਾਂ ਸਤੰਬਰ ਤੇ ਅਕਤੂਬਰ ’ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਮੁੜ ਆਯੋਜਿਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਸ਼ਾਮਲ ਹੋਣ ਲਈ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ. ਓ. ਸੀ.) ਜਾਰੀ ਕਰ ਦਿੱਤਾ ਹੈ, ਜਦਕਿ ਟੀ-20 ਵਰਲਡ ਕੱਪ ਅਭਿਆਸ ਦੇ ਰੂਪ ’ਚ ਅਫ਼ਗਾਨਿਸਤਾਨ ਤੇ ਵੈਸਟ ਇੰਡੀਜ਼ ਦੇ ਨਾਲ ਹੋਣ ਵਾਲੀ ਟੀ-20 ਤਿਕੋਣੀ ਸੀਰੀਜ਼ ਦੇ ਲਈ ਟੀਮ ਦੀ ਚੋਣ ਕੀਤੀ ਜਾ ਸਕਦੀ ਹੈ।
ਕ੍ਰਿਕਟ ਆਸਟਰੇਲੀਆ ਵੱਲੋਂ ਇਹ ਮਨਜ਼ੂਰੀ ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਵੱਲੋਂ ਦੋਵੇਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਨੂੰ ਮੁਲਤਵੀ ਕਰਨ ਦੀ ਪੁਸ਼ਟੀ ਦੇ ਬਾਅਦ ਦਿੱਤੀ ਗਈ ਹ, ਜੋ ਮੂਲ ਰੂਪ ਨਾਲ ਟੀ-20 ਵਰਲਡ ਕੱਪ ਤੋਂ ਪਹਿਲਾਂ ਭਾਰਤ ’ਚ ਆਯੋਜਿਤ ਹੋਣ ਦੀ ਯੋਜਨਾ ਸੀ। ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਮਹਾਮਾਰੀ ਦੀ ਮਾਰ ਦੇ ਬਾਅਦ ਇਸ ਸਾਲ ਮਈ ’ਚ ਆਈ. ਪੀ. ਐੱਲ. ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ।
ਆਈ. ਪੀ. ਐੱਲ. ਮੁਲਤਵੀ ਹੋਣ ਦੇ ਦੌਰਾਨ ਆਸਟਰੇਲੀਆ ਦੀਆਂ ਸਰਹੱਦਾਂ ਬੰਦ ਹੋਣ ਦੇ ਚਲਦੇ 40 ਆਸਟਰੇਲੀਆਈ ਖਿਡਾਰੀਆਂ, ਕੋਚਾਂ, ਪ੍ਰਸਾਰਕਾਂ ਤੇ ਸਪੋਟਸ ਸਟਾਫ਼ ਨੂੰ ਮਾਲਦੀਵ ’ਚ ਸਮਾਂ ਬਿਤਾਉਣਾ ਪਿਆ ਸੀ, ਹਾਲਾਂਕਿ ਬਾਅਦ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਚਾਰਟਰ ਉਡਾਣ ਦੇ ਜ਼ਰੀਏ ਖਿਡਾਰੀਆਂ ਨੂੰ ਸੁਰੱਖਿਆਤ ਉਨ੍ਹਾਂ ਦੇ ਵਤਨ ਭੇਜ ਦਿੱਤਾ ਗਿਆ ਸੀ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਈ. ਪੀ. ਐੱਲ. ਦੇ ਬਾਕੀ 36 ਮੈਚਾਂ ਨੂੰ ਯੂ. ਏ. ਈ. ’ਚ ਪੂਰਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਟੀ-20 ਵਰਲਡ ਕੱਪ ਸ਼ੁਰੂ ਹੋਣ ਤੋਂ ਠੀਕ ਦੋ ਦਿਨ ਪਹਿਲਾਂ ਆਈ. ਪੀ. ਐੱਲ. ਦੀ ਸਮਾਪਤੀ ਹੋਵੇਗੀ। ਇਸ ਤੋਂ ਬਾਅਦ ਯੂ. ਏ. ਈ. ’ਚ ਹੀ ਟੀ-20 ਵਰਲਡ ਕੱਪ ਖੇਡਿਆ ਜਾਵੇਗਾ।