ਕ੍ਰਿਕਟ : ਨਿਊਜ਼ੀਲੈਂਡ ''ਚ ਬੰਗਲਾਦੇਸ਼ ''ਤੇ ਬਣਾਇਆ ਦਬਦਬਾ
Saturday, Mar 02, 2019 - 01:22 AM (IST)

ਹੈਮਿਲਟਨ— ਨਿਊਜ਼ੀਲੈਂਡ ਨੇ ਟਾਮ ਲਾਥਮ ਤੇ ਜੀਤ ਰਾਵਲ ਦੇ ਸੈਂਕੜਿਆਂ ਅਤੇ ਟੀਮ ਲਈ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ ਬਿਹਤਰੀਨ ਸਾਂਝੇਦਾਰੀ ਦੇ ਦਮ 'ਤੇ ਪਹਿਲੇ ਟੈਸਟ ਦੇ ਦੂਜੇ ਦਿਨ ਬੰਗਲਾਦੇਸ਼ ਵਿਰੁੱਧ ਸਟੰਪਸ ਤਕ ਪਹਿਲੀ ਪਾਰੀ ਵਿਚ 4 ਵਿਕਟਾਂ 'ਤੇ 451 ਦੌੜਾਂ ਬਣਾ ਲਈਆਂ। ਇਸ ਨਾਲ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਦੇ ਆਧਾਰ 'ਤੇ ਬੰਗਲਾਦੇਸ਼ 'ਤੇ 217 ਦੌੜਾਂ ਦੀ ਬੜ੍ਹਤ ਬਣਾ ਲਈ ਹੈ ਤੇ ਉਸਦੀਆਂ ਅਜੇ 6 ਵਿਕਟਾਂ ਬਾਕੀ ਹਨ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 234 ਦੌੜਾਂ ਬਣਾਈਆਂ ਸਨ।
ਕੇਨ ਵਿਲੀਅਮਸਨ 93 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟਿਆ ਹੈ ਤੇ ਉਸ ਨੇ ਹੈਨਰੀ ਨਿਕੋਲਸ (53) ਨਾਲ ਚੌਥੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ। ਲਾਥਮ ਨੇ 161 ਦੌੜਾਂ ਤੇ ਰਾਵਲ ਨੇ 132 ਦੌੜਾਂ ਬਣਾ ਕੇ ਆਪਣੇ ਸੈਂਕੜੇ ਲਾਏ। ਉਥੇ ਹੀ ਨਿਕੋਲਸ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਸਟੰਪਸ ਤੋਂ ਦੋ ਓਵਰ ਪਹਿਲਾਂ ਪੈਵੇਲੀਅਨ ਪਰਤ ਗਿਆ।
ਲਾਥਮ ਤੇ ਰਾਵਲ ਨੇ ਸਪਾਟ ਵਿਕਟ ਦਾ ਫਾਇਦਾ ਚੁੱਕਦੇ ਹੋਏ ਪਹਿਲੀ ਵਿਕਟ ਲਈ 254 ਦੌੜਾਂ ਦੀ ਹਿੱਸੇਦਾਰੀ ਨਿਭਾਈ, ਜਿਹੜੀ ਨਿਊਜ਼ੀਲੈਂਡ ਦੀ ਸਲਾਮੀ ਜੋੜੀ ਦੀ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। 47 ਸਾਲ ਪਹਿਲਾਂ ਗਲੇਨ ਟਰਨਰ ਤੇ ਟੇਰੀ ਜਾਰਵਿਸ ਨੇ ਵੈਸਟਇੰਡੀਜ਼ ਵਿਰੁੱਧ 387 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਸੀ, ਇਸ ਤੋਂ ਬਾਅਦ ਇਹ ਉਸ ਦੀ ਸਰਵਸ੍ਰੇਸ਼ਠ ਸਾਂਝੇਦਾਰੀ ਹੈ।