ਕੋਰੋਨਾ ਵਾਇਰਸ ਕਾਰਨ IPL ’ਤੇ ਸ਼ਸ਼ੋਪੰਜ, ਟਲ ਸਕਦਾ ਹੈ ਟੂਰਨਾਮੈਂਟ
Monday, Mar 09, 2020 - 01:12 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਵੱਡੇ ਪੱਧਰ ‘ਤੇ ਫੈਲਣ ਕਾਰਨ ਲੱਗਦਾ ਨਹੀਂ ਕਿ ਆਉਂਦੀ 29 ਮਾਰਚ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2020 ਸਮੇਂ ਸਿਰ ਸ਼ੁਰੂ ਹੋ ਸਕੇਗਾ। ਇਹ ਸੰਕੇਤ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ ਹੈ।
ਸ੍ਰੀ ਰਾਜੇਸ਼ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਆਈਪੀਐੱਲ ਦਾ ਆਯੋਜਨ ਬਾਅਦ ‘ਚ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ – ‘‘ਜਦੋਂ ਵੱਡੀ ਗਿਣਤੀ ‘ਚ ਲੋਕ ਇੱਕ ਥਾਂ ‘ਤੇ ਜਮ੍ਹਾ ਹੁੰਦੇ ਹਨ, ਤਾਂ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਆਈਪੀਐੱਲ ਵਰਗੇ ਵੱਡੇ ਟੂਰਨਾਮੈਂਟਾਂ ਲਈ ਇਹ ਸਮਾਂ ਢੁਕਵਾਂ ਨਹੀਂ ਹੈ, ਜਿੱਥੇ ਵੱਡੀ ਗਿਣਤੀ ‘ਚ ਦਰਸ਼ਕ ਇਕੱਠੇ ਹੋਣੇ ਹਨ।’’ ਸ੍ਰੀ ਰਾਜੇਸ਼ ਟੋਪੇ ਨੇ ਕਿਹਾ ਕਿ ਆਈਪੀਐਲ ਨੂੰ ਮੁਲਤਵੀ ਕਰਨ ਬਾਰੇ ਅਧਿਕਾਰਤ ਗੱਲਬਾਤ ਫ਼ਿਲਹਾਲ ਚੱਲ ਰਹੀ ਹੈ ਤੇ ਛੇਤੀ ਹੀ ਇਸ ਬਾਰੇ ਕੋਈ ਐਲਾਨ ਕੀਤਾ ਜਾਵੇਗਾ।
ਜ਼ਿਕਰਯੋਗ ਕਿ ਆਉਂਦੀ 29 ਮਾਰਚ ਤੋਂ ਆਈਪੀਐੱਲ 2020 ਦੀ ਸ਼ੁਰੂਆਤ ਹੋਣੀ ਹੈ। ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਨਿਸ਼ਚਤ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬੀਸੀਸੀਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਪ੍ਰਧਾਨ ਸ਼੍ਰੀ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਆਈਪੀਐੱਲ ਬਿਲਕੁਲ ਤੈਅ ਤਰੀਕ ਨੂੰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਸਿਹਤ ਮੰਤਰਾਲੇ ਵੱਲੋਂ ਮਿਲੇ ਅਧਿਕਾਰਤ ਅੰਕੜਿਆਂ ਮੁਤਾਬਕ ਹੁਣ ਤੱਕ ਭਾਰਤ ‘ਚ ਕੋਰੋਨਾ ਵਾਇਰਸ ਦੇ 40 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਫਾਈਨਲ ਹਾਰਨ ਤੋਂ ਬਾਅਦ ਰੰਗਾਸਵਾਮੀ ਨੇ ਹਰਮਨਪ੍ਰੀਤ ਦੀ ਕਪਤਾਨੀ ’ਤੇ ਚੁੱਕੇ ਸਵਾਲ, ਕਿਹਾ...