ਹੁਣ ਕ੍ਰਿਕਟ ’ਤੇ ਵੀ ਕੋਰੋਨਾ ਵਾਇਰਸ ਦਾ ਕਹਿਰ, ਮੁਲਤਵੀ ਹੋਇਆ ਇਹ ਟੂਰਨਾਮੈਂਟ
Friday, Mar 06, 2020 - 02:25 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਦਾ ਕਹਿਰ ਸਾਰੀ ਦੁਨੀਆ ’ਚ ਫੈਲ ਰਿਹਾ ਹੈ। ਚੀਨ ’ਚ ਇਸ ਵਾਇਰਸ ਕਾਰਨ 3 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ। ਭਾਰਤ ਵੀ ਇਸ ਮਾਮਲੇ ’ਚ ਚੀਨ ਤੋਂ ਵੱਖ ਨਹੀਂ ਹੈ। ਇੱਥੇ ਵੀ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਸਾਰੀ ਦੁਨੀਆ ’ਚ ਕੋਰੋਨਾ ਵਾਇਰਸ ਕਾਰਨ ਕਈ ਵੱਡੇ ਖੇਡ ਟੂਰਨਾਮੈਂਟਾਂ ਨੂੰ ਰੱਦ ਕਰਨਾ ਪਿਆ ਹੈ। ਭਾਰਤ ’ਚ ਵੀ ਇਸੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸ਼ੁਰੂ ਹੋਣ ਵਾਲਾ ਹੈ। ਪਰ ਹੁਣ ਕ੍ਰਿਕਟ ਵੀ ਕਰੋਨਾ ਵਾਇਰਸ ਦੀ ਲਪੇਟ ’ਚ ਆ ਗਿਆ ਹੈ। ਖਬਰਾਂ ਮੁਤਾਬਕ ਕਈ ਵੱਡੇ ਕ੍ਰਿਕਟਰਾਂ ਦੀ ਮੌਜੂਦਗੀ ਵਾਲੀ ਐਵਰੇਸਟ ਪ੍ਰੀਮੀਅਰ ਟੀ-20 ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਕਈ ਦਿੱਗਜ ਕ੍ਰਿਕਟਰਾਂ ਨੂੰ ਲੈਣਾ ਸੀ ਹਿੱਸਾ
ਦਰਅਸਲ ਖ਼ਬਰਾਂ ਮੁਤਾਬਕ ਨੇਪਾਲ ਦੇ ਵੱਡੇ ਕ੍ਰਿਕਟ ਟੂਰਨਾਮੈਂਟ ਐਵਰੇਸਟ ਪ੍ਰੀਮੀਅਰ ਲੀਗ ਦਾ ਆਯੋਜਨ ਇਸੇ ਮਹੀਨੇ 14 ਮਾਰਚ ਨੂੰ ਹੋਣਾ ਸੀ। ਪਰ ਨੇਪਾਲ ਸਰਕਾਰ ਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਯੋਜਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਇਸ ਟੂਰਨਾਮੈਂਟ ’ਚ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ, ਨੇਪਾਲ ਦੇ ਯੁਵਾ ਗੇਂਦਬਾਜ਼ ਸੰਦੀਪ ਲਾਮੀਛਾਨੇ ਅਤੇ ਅਫਗਾਨਿਸਤਾਨ ਦੇ ਓਪਨਰ ਮੁਹੰਮਦ ਸ਼ਹਿਜ਼ਾਦ ਨੂੰ ਵੀ ਹਿੱਸਾ ਲੈਣਾ ਸੀ।
ਨੇਪਾਲ ’ਚ ਵੀ ਕੋਰੋਨਾ ਨੇ ਪਸਾਰੇ ਪੈਰ
ਐਵਰੇਸਟ ਪ੍ਰੀਮੀਅਰ ਲੀਗ ਦੇ ਆਯੋਜਕਾਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜਿਵੇਂ ਹੀ ਹਾਲਾਤ ਸਹੀ ਹੋਣਗੇ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ। ਨੇਪਾਲ ’ਚ ਕੋਰੋਨਾ ਵਾਇਰਸ ਦੇ ਇਕ ਮਾਮਲੇ ਦੀ ਅਜੇ ਤਕ ਪੁਸ਼ਟੀ ਹੋਈ ਹੈ। ਨੇਪਾਲ ਦੇ ਸਿਹਤ ਮੰਤਰਾਲਾ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਅਜਿਹੇ ਸਮਾਗਮਾਂ ’ਚ ਸ਼ਾਮਲ ਨਾ ਹੋਣ ਜਿੱਥੇ ਅਜਿਹੇ ਵਾਇਰਸ ਫੈਲਣ ਦਾ ਖਦਸ਼ਾ ਹੋਵੇ।
ਕ੍ਰਿਕਟ ਦਾ ਦੂਜਾ ਟੂਰਨਾਮੈਂਟ ਜਿਸ ’ਤੇ ਡਿੱਗੀ ਕੋਰੋਨਾ ਵਾਇਰਸ ਦੀ ਗਾਜ
ਐਵਰੇਸਟ ਪ੍ਰੀਮੀਅਰ ਲੀਗ ਅਜਿਹਾ ਦੂਜਾ ਟੂਰਨਾਮੈਂਟ ਹੈ ਜਿਸ ’ਤੇ ਕੋਰੋਨਾ ਵਾਇਰਸ ਦੀ ਗਾਜ ਡਿੱਗੀ ਹੈ। ਇਸ ਤੋਂ ਪਹਿਲਾਂ ਥਾਈਲੈਂਡ ’ਚ ਹੋਣ ਵਾਲੇ ਪੁਰਸ ਚਹੁੰਕੋਣੀ ਟੀ-20 ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਸੀ। ਐਵਰੇਸਟ ਪ੍ਰੀਮੀਅਰ ਲੀਗ ਦੇ ਮੈਨੇਜਿੰਗ ਡਾਇਰੈਕਟਰ ਆਮਿਰ ਅਖਤਰ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਨੂੰ ਮੁਲਤਵੀ ਕਰਨ ਦੇ ਫੈਸਲੇ ਨਾਲ ਖੁਦ ਬਹੁਤ ਨਿਰਾਸ਼ ਅਤੇ ਦੁਖੀ ਹਾਂ। ਪਰ ਨੇਪਾਲ ਦੇ ਲੋਕਾਂ ਅਤੇ ਵਿਦੇਸ਼ੀ ਖਿਡਾਰੀਆਂ ਦੀ ਸਿਹਤ ਸਬੰਧੀ ਚਿੰਤਾਂ ਕਰਨਾ ਵੀ ਸਾਡੀ ਤਰਜੀਹਾਂ ’ਚੋਂ ਇਕ ਹੈ। ਜਿੰਨੀ ਛੇਤੀ ਹੋ ਸਕੇਗਾ ਅਸੀਂ ਟੂਰਨਾਮੈਂਟ ਦੇ ਆਯੋਜਨ ਦੀ ਨਵੀਂ ਤਾਰੀਖ ਦਾ ਐਲਾਨ ਕਰਾਂਗੇ।