IPL 'ਚ ਕੋਰੋਨਾ ਦੀ ਐਂਟਰੀ, ਦਿੱਲੀ ਕੈਪੀਟਲਸ ਦੇ ਖ਼ੇਮੇ ਦਾ ਮੈਂਬਰ ਪਾਇਆ ਗਿਆ ਕੋਵਿਡ-19 ਪਾਜ਼ੇਟਿਵ
Friday, Apr 15, 2022 - 06:55 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 15ਵਾਂ ਸੀਜ਼ਨ ਕੋਰੋਨਾ ਵਾਇਰਸ ਦੇ ਚਲਦੇ ਮਹਾਰਾਸ਼ਟਰ ਦੇ ਦੋ ਸ਼ਹਿਰਾਂ 'ਚ ਹੀ ਖੇਡਿਆ ਜਾ ਰਿਹਾ ਹੈ। ਆਈ. ਪੀ. ਐੱਲ. ਦੇ ਸਾਰੇ ਮੈਚ ਮੁੰਬਈ ਤੇ ਪੁਣੇ ਦੇ ਸਟੇਡੀਅਮਾਂ 'ਚ ਖੇਡੇ ਜਾ ਰਹੇ ਹਨ। ਇਸ ਦੌਰਾਨ ਕੋਰੋਨਾ ਵਾਇਰਸ ਨੂੰ ਲੈ ਕੇ ਖਿਡਾਰੀਆਂ ਤੇ ਸਪੋਰਟ ਸਟਾਫ਼ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ। ਬਾਵਜੂਦ ਇਸ ਦੇ ਆਈ. ਪੀ. ਐੱਲ. 2022 'ਚ ਪਹਿਲਾ ਕੋਰੋਨਾ ਦਾ ਮਾਮਲਾ ਸਾਹਮਣੇ ਆ ਗਿਆ ਹੈ। ਦਿੱਲੀ ਕੈਪੀਟਲਸ ਦੇ ਫਿਜ਼ੀਓ ਪੈਟ੍ਰਿਕ ਫਰਹਾਰਟ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਹੈ।
ਇਹ ਵੀ ਪੜ੍ਹੋ : IPL 2022 : ਹਾਰਦਿਕ ਪੰਡਯਾ ਨੇ ਬੁਲੇਟ ਥ੍ਰੋਅ ਮਾਰ ਕੇ ਤੋੜ ਦਿੱਤੀ ਵਿਕਟ, ਵੀਡੀਓ ਹੋਈ ਵਾਇਰਲ
ਦਰਅਸਲ ਦਿੱਲੀ ਕੈਪੀਟਲਸ ਦੇ ਫਿਜ਼ੀਓ ਦੀ ਤਬੀਅਤ ਥੋੜ੍ਹੀ ਖ਼ਰਾਬ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪਰੋਟ ਪਾਜ਼ੇਟਿਵ ਆਈ ਹੈ। ਆਈ. ਪੀ. ਐੱਲ. 'ਚ ਕੋਰੋਨਾ ਦੇ ਮਾਮਲੇ ਦੇ ਆਉਣ ਨਾਲ ਇਕ ਵਾਰ ਫਿਰ ਆਈ. ਪੀ. ਐੱਲ. ਦੇ ਮੁਲਤਵੀ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਕਿਉਂਕਿ ਪਿਛਲੀ ਵਾਰ ਵੀ ਆਈ. ਪੀ. ਐੱਲ. ਦੇ ਦੌਰਾਨ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ 'ਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਯੂ. ਏ. ਈ. 'ਚ ਇਸ ਨੂੰ ਕਰਵਾਉਣਾ ਪਿਆ ਸੀ।
ਇਹ ਵੀ ਪੜ੍ਹੋ : ਵਾਟਸਨ ਦੀ ਟਾਪ-5 ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਚੋਟੀ 'ਤੇ, ਜਾਣੋ ਲਿਸਟ 'ਚ ਕਿਹੜੇ ਖਿਡਾਰੀ ਹਨ ਸ਼ਾਮਲ
ਜ਼ਿਕਰਯੋਗ ਹੈ ਕਿ ਇਸ ਵਾਰ ਆਈ. ਪੀ. ਐੱਲ. 'ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਜਦਕਿ ਅਜੇ ਤਕ ਸਿਰਫ਼ 24 ਮੈਚ ਹੀ ਖੇਡੇ ਗਏ ਹਨ। ਜੇਕਰ ਆਉਣ ਵਾਲੇ ਸਮੇਂ 'ਚ ਕੋਰੋਨਾ ਦੇ ਜ਼ਿਆਦਾ ਮਾਮਲੇ ਦੇਖਣ ਨੂੰ ਮਿਲਦੇ ਹਨ ਤਾਂ ਬੀ. ਸੀ. ਸੀ. ਆਈ. ਨੂੰ ਇਕ ਵਾਰ ਫਿਰ ਆਈ. ਪੀ. ਐੱਲ. ਨੂੰ ਮੁਲਤਵੀ ਕਰਨਾ ਪੈ ਸਕਦਾ ਹੈ। ਇਸ ਨਾਲ ਬੀ. ਸੀ. ਸੀ. ਆਈ. ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।