ਭਾਰਤ-ਇੰਗਲੈਂਡ ਟੈਸਟ ਸੀਰੀਜ਼ ਨੂੰ ਲੈ ਕੇ ਕੁਕ ਨੇ ਦਿੱਤਾ ਵੱਡਾ ਬਿਆਨ, ਕਹੀਆਂ ਵੱਡੀਆਂ ਗੱਲਾਂ
Tuesday, Jun 22, 2021 - 05:16 PM (IST)
ਸਪੋਰਟਸ ਡੈਸਕ : ਇੰਗਲੈਂਡ ਦੇ ਸਾਬਕਾ ਕਪਤਾਨ ਤੇ ਓਪਨਰ ਬੱਲੇਬਾਜ਼ ਐਲਿਸਟੀਅਰ ਕੁਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਲਈ ਮੇਜ਼ਬਾਨ ਨੂੰ ਪੰਜ ਮੈਚਾਂ ਦੀ ਟੈਸਟ ਸੀਰੀਜ਼ ’ਚ ਹਰਾਉਣਾ ਆਸਾਨ ਨਹੀਂ ਹੋਵੇਗਾ ਤੇ ਇਸ ਲੰਮੇ ਦੌਰੇ ਦੇ ਆਖਿਰ ’ਚ ਉਹ ਮਾਨਸਿਕ ਤੌਰ ’ਤੇ ਥੱਕ ਜਾਣਗੇ। ਭਾਰਤੀ ਟੀਮ ਇਸ ਸਮੇਂ ਸਾਊਥੰਪਟਨ ’ਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡ ਰਹੀ ਹੈ। ਇਸ ਤੋਂ ਬਾਅਦ 4 ਅਗਸਤ ਤੋਂ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਕੁਕ ਨੇ ਈਐੱਸਪੀਐੱਨ ਕ੍ਰਿਕਇਨਫੋ ਨੂੰ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਉਹ ਕਿੰਨੀ ਬਿਹਤਰੀਨ ਟੀਮ ਹੈ ਕਿਉਂਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡ ਰਹੀ ਹੈ।
ਉਸ ਤੋਂ ਬਾਅਦ ਹਾਲਾਂਕਿ ਇੰਗਲੈਂਡ ਨੂੰ ਉਸ ਦੀ ਧਰਤੀ ’ਤੇ ਪੰਜ ਮੈਚਾਂ ’ਚ ਹਰਾਉਣਾ ਆਸਾਨ ਨਹੀਂ ਹੋਵੇਗਾ। ਇਹ ਕਾਫੀ ਮੁਸ਼ਕਿਲ ਸੀਰੀਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਲੰਮੇ ਸਮੇਂ ਤਕ ਇਥੇ ਰੁਕੇਗੀ, ਲਿਹਾਜ਼ਾ ਮਾਨਸਿਕ ਤੌਰ ’ਤੇ ਉਹ ਕਾਫੀ ਥੱਕ ਜਾਵੇਗੀ। ਭਾਰਤ ਦੀ ਸ਼ੁਰੂਆਤ ਚੰਗੀ ਹੋਵੇਗੀ ਪਰ ਲਗਾਤਾਰ ਪੰਜ ਮੈਚਾਂ ’ਚ ਉਸ ਨੂੰ ਬਣਾਈ ਰੱਖਣਾ ਤੇ ਇੰਗਲੈਂਡ ਨੂੰ ਇੰਗਲੈਂਡ ’ਚ ਹਰਾਉਣਾ ਕਾਫ਼ੀ ਮੁਸ਼ਕਿਲ ਹੈ। ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ’ਚ ਸਬਰ ਤੋਂ ਕੰਮ ਲੈਣ ’ਤੇ ਇੰਗਲੈਂਡ ਇਹ ਸੀਰੀਜ਼ ਜਿੱਤ ਸਕਦਾ ਹੈ। ਇੰਗਲੈਂਡ ਨੂੰ ਭਾਰਤ ਨੇ ਆਪਣੀ ਮੇਜ਼ਬਾਨੀ ’ਚ 3-1 ਨਾਲ ਹਰਾਇਆ।
ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਇੰਗਲੈਂਡ ’ਚ ਟੈਸਟ ਸੀਰੀਜ਼ 1-0 ਨਾਲ ਜਿੱਤੀ। ਕੁਕ ਨੇ ਕਿਹਾ ਕਿ ਗਲਤ ਰੋਟੇਸ਼ਨ ਨੀਤੀ ਦਾ ਖਾਮਿਆਜ਼ਾ ਇੰਗਲੈਂਡ ਨੂੰ ਭੁਗਤਣਾ ਪਿਆ ਹੈ, ਜਿਸ ਕਾਰਨ ਕਪਤਾਨ ਜੋਅ ਰੂਟ ਨੂੰ ਉਨ੍ਹਾਂ ਦੀ ਸਰਵਸ੍ਰੇਸ਼ਠ ਇਲੈਵਨ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਇੰਗਲੈਂਡ ਲਈ ਖੇਡਦੇ ਸਮੇਂ ਜਾਂ ਜੇ ਤੁਸੀਂ ਕਪਤਾਨ, ਕੋਚ ਜਾਂ ਚੋਣਕਰਤਾ ਹੋ ਤਾਂ ਨਤੀਜਿਆਂ ਦੇ ਆਧਾਰ ’ਤੇ ਤੁਹਾਡਾ ਮੁਲਾਂਕਣ ਹੁੰਦਾ ਹੈ ਤੇ ਰੂਟ ਨੂੰ ਉਸ ਦੇ ਸਰਵਸ੍ਰੇਸ਼ਠ ਖਿਡਾਰੀ ਨਹੀਂ ਮਿਲ ਸਕੇ। ਬੇਨ ਸਟੋੋਕਸ, ਜੋਸ ਬਟਲਰ, ਜਾਨੀ ਬੇਅਰਸਟੋ ਵਰਗੇ ਖਿਡਾਰੀ ਕਾਫ਼ੀ ਫਰਕ ਪੈਦਾ ਕਰਦੇ ਹਨ। ਜੋਫ੍ਰਾ ਆਰਚਰ ਤੇ ਸਟੋਕਸ ਜ਼ਖਮੀ ਸਨ, ਜਦਕਿ ਬਟਲਰ, ਬੇਅਰਸਟੋ, ਕ੍ਰਿਸ ਵੋਕਸ, ਮੋਇਨ ਅਲੀ ਤੇ ਮਾਰਕਵੁੱਡ ਨੂੰ ਬ੍ਰੇਕ ਦਿੱਤਾ ਗਿਆ।