ਕੋਕੋ ਗਾਫ ਮਿਆਮੀ ਓਪਨ ਦੇ ਸੈਮੀਫਾਈਨਲ ’ਚ ਪੁੱਜੀ
Thursday, Mar 26, 2026 - 03:37 PM (IST)
ਮਿਆਮੀ- ਅਮਰੀਕਾ ਦੀ ਸਟਾਰ ਟੈਨਿਸ ਖਿਡਾਰੀ ਕੋਕੋ ਗਾਫ ਨੇ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਕ ਨੂੰ ਹਰਾ ਕੇ ਮਿਆਮੀ ਓਪਨ 2026 ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਾਰਡ ਰਾਕ ਸਟੇਡੀਅਮ ’ਚ ਕੋਰਟ ’ਤੇ ਗਾਫ ਨੇ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਸੈੱਟ ’ਚ ਹਾਰਨ ਅਤੇ ਤੀਜੇ ਸੈੱਟ ਦੀ ਸ਼ੁਰੂਆਤ ’ਚ ਪਿਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕੀਤੀ। ਉਸ ਨੇ 2 ਵਾਰ ਦੀ ਓਲੰਪਿਕ ਤਮਗਾ ਜੇਤੂ ਵਿਰੁੱਧ 6-3, 1-6, 6-3 ਨਾਲ ਜਿੱਤ ਹਾਸਲ ਕੀਤੀ।
ਮੈਚ ਤੋਂ ਬਾਅਦ ਗਾਫ ਨੇ ਕਿਹਾ, ‘‘ਇਹ ਇਕ ਮੁਸ਼ਕਿਲ ਮੈਚ ਸੀ। ਬੇਲਿੰਡਾ ਇਕ ਮਜ਼ਬੂਤ ਖਿਡਾਰਨ ਹੈ। ਜਦੋਂ ਵੀ ਅਸੀਂ ਖੇਡਦੇ ਹਾਂ ਤਾਂ ਮੈਚ ਲੰਬਾ ਚੱਲਦਾ ਹੈ। ਅੱਜ ਮੈਨੂੰ ਬਹੁਤ ਦੌੜਨਾ ਪਿਆ, ਕਈ ਵਾਰ ਮੈਂ ਡਿੱਗੀ ਵੀ ਪਰ ਜਿਸ ਤਰ੍ਹਾਂ ਮੈਂ ਅੱਜ ਸੰਘਰਸ਼ ਕੀਤਾ, ਉਸ ’ਤੇ ਮੈਨੂੰ ਸੱਚਮੁੱਚ ਮਾਣ ਹੈ। ਮੈਨੂੰ ਲੱਗਦਾ ਹੈ ਕਿ ਇਸ ਪੂਰੇ ਹਫਤੇ ਇਹ ਹੀ ਮੇਰਾ ਮੂਲ ਮੰਤਰ ਰਿਹਾ ਹੈ।’’
ਗਾਫ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਵਿਰੁੱਧ ਕੋਰਟ ’ਤੇ ਉਤਰੇਗੀ।
