ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ

Monday, Sep 07, 2026 - 05:47 PM (IST)

ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ

ਨਿਊਯਾਰਕ, (ਏਜੰਸੀ)- ਓਲੰਪਿਕ ਸੋਨ ਤਮਗਾ ਜੇਤੂ ਝੇਂਗ ਚਿਨਵੇਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲਗਾਤਾਰ ਆਖਰੀ 7 ਗੇਮ ਜਿੱਤ ਕੇ 22ਵਾਂ ਦਰਜਾ ਪ੍ਰਾਪਤ ਕੀਜ਼ ਨੂੰ 1-6, 7-6 (3), 7-5 ਨਾਲ ਹਰਾ ਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ’ਚ ਪ੍ਰਵੇਸ਼ ਕਰ ਲਿਆ। ਇਸ ਜਿੱਤ ਤੋਂ ਬਾਅਦ ਝੇਂਗ ਕੋਰਟ ’ਤੇ ਪਿੱਠ ਦੇ ਭਾਰ ਲੇਟੀ ਸੀ ਅਤੇ ਉਸ ਦੇ ਹੱਥ ਹਵਾ ’ਚ ਸਨ। ਉਹ ਅਜਿਹੀ ਜਿੱਤ ਦਾ ਜਸ਼ਨ ਮਨਾ ਰਹੀ ਸੀ, ਜਿਸ ਦੀ ਉਮੀਦ ਸ਼ਾਇਦ ਸਿਰਫ ਉਸ ਨੂੰ ਹੀ ਸੀ। ਦੂਜੇ ਪਾਸੇ ਕੀਜ਼ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦੱਸ ਰਹੀ ਸੀ ਕਿ ਆਖਿਰ ਕਿਵੇਂ ਝੇਂਗ ਲੱਗਭਗ ਮੈਚ ਤੋਂ ਬਾਹਰ ਹੋਣ ਦੇ ਬਾਵਜੂਦ ਜਿੱਤ ਹਾਸਲ ਕਰਨ ’ਚ ਸਫਲ ਰਹੀ।
ਕੀਜ਼ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਯਕੀਨੀ ਤੌਰ ’ਤੇ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਮੈਂ ਬਹੁਤ ਡਰ ਗਈ ਤੇ ਮੈਂ ਸ਼ਾਟ ਹੀ ਨਹੀਂ ਲਾ ਪਾ ਰਹੀ ਸੀ। ਮੈਨੂੰ ਨਹੀਂ ਪਤਾ। ਇਸ ਸਮੇਂ ਟੈਨਿਸ ਬਹੁਤ ਮੁਸ਼ਕਿਲ ਲੱਗ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਉਸੇ ਦਬਾਅ ’ਚ ਆ ਗਈ।’’
ਹੁਣ ਉਸ ਦਾ ਸਾਹਮਣਾ 2022 ਦੀ ਯੂ. ਐੱਸ. ਓਪਨ ਚੈਂਪੀਅਨ ਇਗਾ ਸਵਿਯਾਤੇਕ ਨਾਲ ਹੋਵੇਗਾ। ਉੱਥੇ ਹੀ, ਨਾਓਮੀ ਓਸਾਕਾ ਨੇ ਵੀ ਐਲਿਸ ਮਰਟੈਂਸ ਨੂੰ 6-3, 3-6, 7-5 ਨਾਲ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾ ਲਈ। ਦੋ ਘੰਟੇ 38 ਮਿੰਟ ਤੱਕ ਚੱਲੇ ਮੁਕਾਬਲੇ ਦੇ ਅਾਖਰੀ ਅੰਕ ਤੋਂ ਬਾਅਦ ਦੋ ਵਾਰ ਦੀ ਚੈਂਪੀਅਨ ਓਸਾਕਾ ਨੇ ਆਪਣਾ ਸਿਰ ਰੈਕੇਟ ’ਤੇ ਰੱਖ ਲਿਆ, ਮੰਨੋ ਜਿਵੇਂ ਇਸ 13ਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ ਖੁਦ ਵੀ ਆਪਣੀ ਜਿੱਤ ’ਤੇ ਭਰੋਸਾ ਨਾ ਹੋ ਰਿਹਾ ਹੋਵੇ।
ਪੁਰਸ਼ਾਂ ’ਚ 9ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਹਾਲਾਂਕਿ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਿਆ। ਫ੍ਰਿਟਜ਼ ਨੇ ਦੋ ਸੈੱਟਾਂ ਦੀ ਬੜ੍ਹਤ ਗੁਆ ਦਿੱਤੀ ਅਤੇ 24ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਫ੍ਰਾਂਸਿਸਕੋ ਸੇਰੁੰਡੋਲੋ ਹੱਥੋਂ 3-6, 4-6, 6-3, 6-4, 6-4 ਨਾਲ ਹਾਰ ਗਿਆ।
ਯੂ. ਐੱਸ. ਓਪਨ ਦੀ ਸਾਬਕਾ ਉਪ ਜੇਤੂ ਅਮਾਂਡਾ ਅਨਿਸੀਮੋਵਾ ਵੀ ਬਾਹਰ ਹੋ ਗਈ। 10ਵਾਂ ਦਰਜਾ ਪ੍ਰਾਪਤ ਅਨਿਸੀਮੋਵਾ ਨੂੰ 24ਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਪੋਤਾਪੋਵਾ ਨੇ 6-2, 7-5 ਨਾਲ ਹਰਾਇਆ। ਪੋਤਾਪੋਵਾ ਦਾ ਸਾਹਮਣਾ 5ਵਾਂ ਦਰਜਾ ਪ੍ਰਾਪਤ ਤੇ ਫ੍ਰੈਂਚ ਓਪਨ ਚੈਂਪੀਅਨ ਮਿਏਰਾ ਆਂਦਰੀਵਾ ਨਾਲ ਹੋਵੇਗਾ।
ਫ੍ਰੈਂਚ ਓਪਨ ਦੇ ਉਪ ਜੇਤੂ ਤੇ 5ਵਾਂ ਦਰਜਾ ਪ੍ਰਾਪਤ ਫਲਾਵੀਓ ਕੋਬੋਲੀ ਨੂੰ 28ਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਬਲੌਕਸ ਨੇ 4 ਸੈੱਟਾਂ ’ਚ ਹਰਾਇਆ। ਇਸ ਦੇ ਨਾਲ ਹੀ ਪੁਰਸ਼ ਸਿੰਗਲਜ਼ ਡਰਾਅ ’ਚ ਟਾਪ-10 ’ਚੋਂ 6 ਦਰਜਾ ਪ੍ਰਾਪਤ ਖਿਡਾਰੀ ਬਾਹਰ ਹੋ ਚੁੱਕੇ ਹਨ।
ਯੂ. ਐੱਸ. ਓਪਨ ਦੀ ਸਾਬਕਾ ਚੈਂਪੀਅਨ (2023) ਅਮਰੀਕਾ ਦੀ ਕੋਕੋ ਗਾਫ ਨੇ ਕ੍ਰਿਸਟੀਨਾ ਬੁਕਾ ਨੂੰ 6-3, 6-4 ਨਾਲ ਹਰਾ ਕੇ ਚੌਥੇ ਦੌਰ ’ਚ ਪ੍ਰਵੇਸ਼ ਕੀਤਾ। ਅਗਲੇ ਦੌਰ ’ਚ ਉਸ ਦਾ ਸਾਹਮਣਾ ਹਮਵਤਨ 14ਵਾਂ ਦਰਜਾ ਪ੍ਰਾਪਤ ਈਵਾ ਜੋਵਿਚ ਨਾਲ ਹੋਵੇਗਾ। ਜੋਵਿਚ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ’ਚ ਫਿਲੀਪੀਨਜ਼ ਦੀ 17ਵਾਂ ਦਰਜਾ ਪ੍ਰਾਪਤ ਐਲੇਕਸ ਏਲਾ ਨੂੰ 7-5, 3-6, 7-5 ਨਾਲ ਹਰਾਇਆ।
ਚੋਟੀ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਨੇ ਵੀ ਆਰਥਰ ਏਸ਼ ਸਟੇਡੀਅਮ ’ਚ ਦਿਨ ਦੇ ਆਖਰੀ ਮੁਕਾਬਲੇ ’ਚ 25ਵਾਂ ਦਰਜਾ ਪ੍ਰਾਪਤ ਏਲੇਖਾਂਦਰੋ ਤਾਬਿਲੋ ਨੂੰ 6-2, 7-6 (2), 6-2 ਨਾਲ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾਈ। ਸ਼ੁਰੂਆਤੀ ਦੋਵਾਂ ਦੌਰਾਂ ’ਚ 5 ਸੈੱਟਾਂ ਤੱਕ ਚੱਲੇ ਮੁਕਾਬਲੇ ਖੇਡਣ ਵਾਲੇ ਜ਼ਵੇਰੇਵ ਨੇ ਉਨ੍ਹਾਂ ਦੋ ਮੈਚਾਂ ’ਚ ਲੱਗਭਗ ਸਾਢੇ 9 ਘੰਟੇ ਕੋਰਟ ’ਤੇ ਬਿਤਾਏ ਸਨ।
 


author

Shubam Kumar

Content Editor

Related News