ਟੀਮ ''ਚ ਜਗ੍ਹਾ ਬਣਾਉਣੀ ਹੋਵੇਗੀ ਹੁਣ ਹੋਰ ਵੀ ਮੁਸ਼ਕਿਲ, ਕੋਚ ਸ਼ਾਸਤਰੀ ਨੇ ਲਿਆ ਇਹ ਵੱਡਾ ਫੈਸਲਾ
Tuesday, Sep 10, 2019 - 02:00 PM (IST)

ਨਵੀਂ ਦਿੱਲੀ : ਹਾਲ ਹੀ 'ਚ ਰਵੀ ਸ਼ਾਸਤਰੀ ਦੋਬਾਰਾ ਟੀਮ ਇੰਡੀਆ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਆਪਣੇ ਲਗਾਤਾਰ ਦੂਜੇ ਕਾਰਜਕਾਲ ਵਿਚ ਸ਼ਾਸਤਰੀ ਕੋਈ ਸਖਤੀ ਕਰਨ ਦੇ ਮੂਡ ਵਿਚ ਹੈ। ਆਪਣੀ ਨਵੀਂ ਪਾਰੀ ਦੇ ਨਾਲ ਸ਼ਾਸਤਰੀ ਟੀਮ ਦੇ ਫਿੱਟਨੈਸ ਲੈਵਲ ਨੂੰ ਹੋਰ ਵੀ ਬਿਹਤਰ ਕਰਨਾ ਚਾਹੁੰਦੇ ਹਨ। ਤਦ ਹੀ ਉਹ ਯੋ-ਯੋ ਟੈਸਟ ਦਾ ਸਕੋਰ 17 ਤਕ ਵਧਾਉਣ ਦੇ ਮੂਡ ਵਿਚ ਹੈ। ਸੂਤਰਾਂ ਮੁਤਾਬਕ ਕੋਚ ਰਵੀ ਸ਼ਾਸਤਰੀ ਜਲਦੀ ਹੀ ਸਾਰੇ ਦਾਅਵੇਦਾਰਾਂ ਦੇ ਨਾਲ ਇਕ ਬੈਠਕ ਕਰਨ ਵਾਲੇ ਹਨ, ਜਿਸ ਵਿਚ ਯੋ-ਯੋ ਟੈਸਟ ਬਾਰ ਨੂੰ ਵਧਾ ਕੇ 17 ਤਕ ਕੀਤੇ ਜਾਣ ਦੀ ਚਰਚਾ ਹੋਵੇਗੀ। ਫਿਲਹਾਲ ਭਾਰਤੀ ਖਿਡਾਰੀਆਂ ਲਈ ਯੋ-ਯੋ ਟੈਸਟ ਵਿਚ ਖਿਡਾਰੀਆਂ ਨੂੰ 16.1 ਮਾਰਕ ਨੂੰ ਛੁਹਣਾ ਹੁੰਦਾ ਹੈ। ਤਦ ਹੀ ਉਹ ਰਾਸ਼ਟਰੀ ਟੀਮ ਵਿਚ ਸ਼ਾਮਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ 2017 ਵਿਚ ਯੋ-ਯੋ ਟੈਸਟ ਨੂੰ ਖਿਡਾਰੀਆਂ ਲਈ ਮਹੱਤਵਪੂਰਨ ਬਣਾਇਆ ਗਿਆ ਸੀ। ਅੰਬਾਤੀ ਰਾਇਡੂ, ਸੰਜੂ ਸੈਮਸਨ (ਇੰਡੀਆ-ਏ) ਅਤੇ ਮੁਹੰਮਦ ਸ਼ਮੀ ਨੂੰ ਇਸ ਟੈਸਟ ਵਿਚ ਪਾਸ ਨਾ ਹੋਣ ਕਾਰਨ ਬਾਹਰ ਕੀਤਾ ਗਿਆ ਸੀ। ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਵੀ ਇਸ ਦੀ ਵਜ੍ਹਾ ਤੋਂ ਹੀ ਟੀਮ ਵਿਚ ਵਾਪਸੀ ਨਹੀਂ ਕਰ ਸਕੇ ਸੀ। ਪਹਿਲੀ ਵਾਰ ਯੋ-ਯੋ ਟੈਸਟ ਵਿਚ ਫੇਲ ਹੋਣ ਤੋਂ ਬਾਅਦ ਅੰਬਾਤੀ ਰਾਇਡੂ ਅਤੇ ਸ਼ਮੀ ਨੇ ਟੈਸਟ ਪਾਸ ਕਰ ਲਿਆ ਸੀ। ਬਾਅਦ ਵਿਚ ਰੈਨਾ ਵੀ 2018 ਵਿਚ ਕੌਮਾਂਤਰੀ ਕ੍ਰਿਕਟ ਖੇਡੇ। ਹਾਲਾਂਕਿ ਯੁਵਰਾਜ ਨੇ ਵੀ ਯੋ-ਯੋ ਟੈਸਟ ਪਾਸ ਕਰ ਲਿਆ ਸੀ ਪਰ ਉਹ ਟੀਮ ਵਿਚ ਵਾਪਸੀ ਨਹੀਂ ਕਰ ਸਕੇ ਸੀ। ਮਨੀਸ਼ ਪਾਂਡੇ ਨੇ ਯੋ-ਯੋ ਟੈਸ ਵਿਚ 19.2 ਮਾਰਕ ਹਾਸਲ ਕੀਤਾ ਸੀ।