ਕ੍ਰਿਸ ਲਿਨ ਨੇ ਬੀ. ਬੀ. ਐੱਲ. ’ਚ ਬਣਾਈਆਂ 4000 ਰਿਕਾਰਡ ਦੌੜਾਂ
Thursday, Jan 01, 2026 - 11:29 AM (IST)
ਐਡੀਲੇਡ– ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਤੇ ਕੇ. ਕੇ. ਆਰ. ਲਈ ਖੇਡ ਚੁੱਕੇ ਆਸਟ੍ਰੇਲੀਆ ਦੇ ਘਾਤਕ ਬੱਲੇਬਾਜ਼ ਕ੍ਰਿਸ ਲਿਨ ਨੇ ਬੀ. ਬੀ. ਐੱਲ. ਵਿਚ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ ਤੇ ਉਹ ਇਸ ਟੂਰਨਾਮੈਂਟ ਵਿਚ 4000 ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।
ਇੱਥੇ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਬ੍ਰਿਸਬੇਨ ਹੀਟ ਨੇ ਨਿਰਧਾਰਿਤ 20 ਓਵਰਾਂ ਵਿਚ ਸਾਰੀਆਂ ਵਿਕਟਾਂ ਗਵਾ ਕੇ 121 ਦੌੜਾਂ ਬਣਾਈਆਂ ਸਨ ਤੇ ਟੀਚੇ ਦਾ ਪਿੱਛਾ ਕਰਦੇ ਹੋਏ ਐਡੀਲੇਡ ਸਟਰਾਈਕਰ ਨੇ 14.1 ਓਵਰਾਂ ਵਿਚ ਹੀ 3 ਵਿਕਟਾਂ ’ਤੇ 125 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।
ਐਡੀਲੇਡ ਲਈ ਖੇਡਦੇ ਹੋਏ ਕ੍ਰਿਸ ਲਿਨ ਨੇ ਅਜੇਤੂ 79 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਲਈ ਉਸ ਨੇ 41 ਗੇਂਦਾਂ ਖੇਡੀਆਂ ਤੇ ਇਸ ਦੌਰਾਨ ਉਸ ਨੇ 6 ਚੌਕੇ ਤੇ 6 ਛੱਕੇ ਲਾਏ। ਇਸ ਦੇ ਨਾਲ ਹੀ ਉਹ ਬੀ. ਬੀ. ਐੱਲ. ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਉਸ ਨੇ 131 ਮੈਚਾਂ ਵਿਚ 4 ਹਜ਼ਾਰ ਦੌੜਾਂ ਦਾ ਅੰਕੜਾ ਪੂਰਾ ਕੀਤਾ। ਬੀ. ਬੀ. ਐੱਲ. ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਆਰੋਨ ਫਿੰਚ ਦੂਜੇ ਨੰਬਰ ’ਤੇ ਹੈ। ਉਸ ਨੇ 107 ਮੈਚਾਂ ਵਿਚ ਖੇਡਦੇ ਹੋਏ ਕੁੱਲ 3311 ਦੌੜਾਂ ਬਣਾਈਆਂ ਹਨ।
ਕ੍ਰਿਸ ਲਿਨ ਨੇ ਸਾਲ 2014 ਵਿਚ ਆਸਟ੍ਰੇਲੀਆ ਲਈ ਟੀ-20 ਕੌਮਾਂਤਰੀ ਵਿਚ ਡੈਬਿਊ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਉਸ ਨੇ ਆਸਟ੍ਰੇਲੀਆ ਲਈ ਆਖਰੀ ਮੈਚ 2018 ਵਿਚ ਖੇਡਿਆ ਸੀ। ਕ੍ਰਿਸ ਲਿਨ ਨੇ ਹੁਣ ਤੱਕ 18 ਟੀ-20 ਕੌਮਾਂਤਰੀ ਮੈਚਾਂ ਵਿਚ ਕੁੱਲ 291 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸਦੇ ਬੱਲੇ ਤੋਂ ਨਾ ਸੈਂਕੜਾ ਤੇ ਨਾ ਹੀ ਅਰਧ ਸੈਂਕੜਾ ਲੱਗਾ ਪਰ ਉਸ ਨੇ ਦੁਨੀਆ ਭਰ ਦੀਆਂ ਟੀ-20 ਲੀਗਾਂ ਵਿਚ ਕੁੱਲ 300 ਮੈਚ ਖੇਡੇ ਹਨ ਤੇ 85 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿਚ 6 ਸੈਂਕੜੇ ਤੇ 56 ਅਰਧ ਸੈਂਕੜੇ ਸ਼ਾਮਲ ਹਨ।
