ਚੋਕਰਸ ਦੱਖਣੀ ਅਫਰੀਕਾ ਨੂੰ ਬਣਾਉਣੀ ਪਵੇਗੀ ਨਵੀਂ ਰਣਨੀਤੀ
Tuesday, Jun 04, 2019 - 04:03 AM (IST)

ਲੰਡਨ— ਬੰਗਲਾਦੇਸ਼ ਹੱਥੋਂ ਸ਼ਰਮਨਾਕ ਹਾਰ ਝੱਲਣ ਤੋਂ ਬਾਅਦ ਦੱਖਣੀ ਅਫਰੀਕੀ ਟੀਮ 'ਤੇ ਫਿਰ ਸਵਾਲ ਉੱਠਣ ਲੱਗੇ ਹਨ ਅਤੇ ਇਸ ਟੀਮ ਨੂੰ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਨਵੀਂ ਰਣਨੀਤੀ ਬਣਾਉਣੀ ਪਵੇਗੀ। ਦੱਖਣੀ ਅਫਰੀਕੀ ਟੀਮ ਵਿਸ਼ਵ ਕੱਪ ਵਿਚ ਇਕ ਸ਼ਕਤੀਸ਼ਾਲੀ ਤੇਜ਼ ਹਮਲੇ ਨਾਲ ਦਾਅਵੇਦਾਰ ਦੇ ਰੂਪ ਵਿਚ ਉਤਰੀ ਸੀ ਪਰ ਉਸ ਨੂੰ ਪਹਿਲੇ ਹੀ ਮੁਕਾਬਲੇ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ 104 ਦੌੜਾਂ ਨਾਲ ਹਾਰ ਝੱਲਣੀ ਪਈ। ਦੱਖਣੀ ਅਫਰੀਕਾ ਲਈ ਦੂਜਾ ਮੁਕਾਬਲਾ ਹੋਰ ਵੀ ਖੌਫਨਾਕ ਰਿਹਾ, ਜਦੋਂ ਉਸ ਨੂੰ ਬੰਗਲਾਦੇਸ਼ ਹੱਥੋਂ 21 ਦੌੜਾਂ ਨਾਲ ਹਾਰ ਝੱਲਣੀ ਪਈ। ਇਸ ਹਾਰ ਵਿਚ ਦੱਖਣੀ ਅਫਰੀਕਾ ਲਈ ਸਭ ਤੋਂ ਸ਼ਰਮਨਾਕ ਗੱਲ ਇਹ ਰਹੀ ਕਿ ਉਸ ਨੇ ਬੰਗਲਾਦੇਸ਼ ਨੂੰ 330 ਦੌੜਾਂ ਬਣਾਉਣ ਦਿੱਤੀਆਂ। ਚੋਕਰਸ ਦਾ ਠੱਪਾ ਲੈ ਕੇ ਚੱਲਣ ਵਾਲੀ ਦੱਖਣੀ ਅਫਰੀਕਾ ਲਈ ਇਹ ਸ਼ੁਰੂਆਤ ਕਿਸੇ ਮਾੜੇ ਸੁਪਨੇ ਤੋਂ ਘੱਟ ਨਹੀਂ ਹੈ। ਦੱਖਣੀ ਅਫਰੀਕਾ ਨੇ ਹੁਣ ਜੇਕਰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਆਪਣੇ ਬਚੇ ਬਾਕੀ 7 ਮੈਚਾਂ ਵਿਚੋਂ ਉਸ ਨੂੰ ਘੱਟ ਤੋ ਘੱਟ 6 ਮੈਚ ਜਿੱਤਣੇ ਪੈਣਗੇ, ਜਿਹੜੇ ਕਾਫੀ ਮੁਸ਼ਕਿਲ ਨਜ਼ਰ ਆਉਂਦੇ ਹਨ। ਇਨ੍ਹਾਂ ਸੱਤ ਮੈਚਾਂ ਵਿਚ ਉਸ ਨੇ ਭਾਰਤ, ਵੈਸਟਇੰਡੀਜ਼, ਆਸਟਰੇਲੀਆ ਤੇ ਨਿਊਜ਼ੀਲੈਂਡ ਵਰਗੀਆਂ ਮਜ਼ਬੂਤ ਟੀਮਾਂ ਨਾਲ ਖੇਡਣਾ ਹੈ।