ਭਾਰਤ ਸਾਹਮਣੇ ਅੱਜ ਚੀਨ ਦੀ ਮੁਸ਼ਕਿਲ ਚੁਣੌਤੀ
Saturday, Nov 16, 2024 - 11:05 AM (IST)

ਰਾਜਗੀਰ (ਬਿਹਾਰ), (ਭਾਸ਼ਾ)– ਸਾਬਕਾ ਚੈਂਪੀਅਨ ਭਾਰਤ ਦੇ ਸਾਹਮਣੇ ਮਹਿਲਾ ਏਸ਼ੀਆਈ ਚੈਂਪੀਅਨਜ਼ ਟਰਾਫੀ ਦੀ ਸਭ ਤੋਂ ਮੁਸ਼ਕਿਲ ਚੁਣੌਤੀ ਹੋਵੇਗੀ ਜਦੋਂ ਸ਼ਨੀਵਾਰ ਨੂੰ ਉਸਦਾ ਸਾਹਮਣਾ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਨਾਲ ਹੋਵੇਗਾ। ਭਾਰਤ ਤੇ ਚੀਨ ਦੋਵੇਂ ਅਜੇ ਤੱਕ ਟੂਰਨਾਮੈਂਟ ਵਿਚ ਅਜੇਤੂ ਰਹੇ ਹਨ ਤੇ ਤਿੰਨੇ ਮੈਚ ਜਿੱਤੇ ਹਨ। ਚੀਨ ਬਿਹਤਰ ਗੋਲ ਔਸਤ ਦੇ ਆਧਾਰ ’ਤੇ ਭਾਰਤ ਤੋਂ ਅੱਗੇ ਹੈ। ਚੀਨ ਦੀ ਗੋਲ ਔਸਤ 21 ਹੈ ਜਦਕਿ ਭਾਰਤ ਦੀ 18 ਹੈ।
ਰਾਊਂਡ ਰੌਬਿਨ ਦੌਰ ਤੋਂ ਬਾਅਦ 4 ਟੀਮਾਂ ਸੈਮੀਫਾਈਨਲ ਖੇਡਣਗੀਆਂ। ਦੋਵੇਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ ਇਸ ਸਾਲ ਫਰਵਰੀ ਵਿਚ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਹੋਇਆ ਸੀ ਤੇ ਦੋਵੇਂ ਵਾਰ ਚੀਨ ਜਿੱਤਿਆ ਸੀ। ਭਾਰਤ ਕੋਲ ਹੁਣ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੈ। ਭਾਰਤ ਤੇ ਚੀਨ ਦੋਵਾਂ ਨੇ ਇਸ ਟੂਰਨਾਮੈਂਟ ਵਿਚ ਹੁਣ ਤੱਕ ਕਾਫੀ ਸਾਰੇ ਗੋਲ ਕੀਤੇ ਹਨ। ਥਾਈਲੈਂਡ ਨੂੰ 13-0 ਨਾਲ ਹਰਾ ਕੇ ਭਾਰਤ ਦੇ 20 ਗੋਲ ਹੋ ਗਏ ਹਨ ਜਦਕਿ ਚੀਨ ਦੇ 22 ਗੋਲ ਹਨ।
ਥਾਈਲੈਂਡ ਵਿਰੁੱਧ ਭਾਰਤ ਨੇ ਸ਼ਾਨਦਾਰ ਖੇਡ ਦਿਖਾਈ ਤੇ 8 ਫੀਲਡ ਗੋਲਾਂ ਦੇ ਨਾਲ 5 ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਪਹਿਲੇ ਦੋ ਮੈਚਾਂ ਵਿਚ ਚਿੰਤਾ ਦਾ ਸਬੱਬ ਰਿਹਾ ਪੈਨਲਟੀ ਕਾਰਨਰ ਤਬਦੀਲੀ ਦਰ ਵੀ ਬਿਹਤਰ ਹੋ ਗਿਆ ਹੈ। ਥਾਈਲੈਂਡ ਵਿਰੁੱਧ ਭਾਰਤ ਨੇ 12 ਵਿਚੋਂ 5 ਪੈਨਲਟੀ ਕਾਰਨਰ ਤਬਦੀਲ ਕੀਤੇ।
ਭਾਰਤੀ ਡਿਫੈਂਡਰਾਂ ਨੂੰ ਥਾਈਲੈਂਡ ਤੋਂ ਸਖਤ ਚੁਣੌਤੀ ਨਹੀਂ ਮਿਲੀ ਜਦਕਿ ਦੀਪਿਕਾ ਦੀ ਅਗਵਾਈ ਵਿਚ ਫਾਰਵਰਡ ਲਾਈਨ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਦੀਪਿਕਾ ਤੋਂ ਇਲਾਵਾ ਪ੍ਰੀਤੀ ਦੂਬੇ, ਨਵਨੀਤ ਕੌਰ, ਲਾਲਰੇਮਸਿਆਮੀ, ਬਿਊਟੀ ਡੁੰਗਡੁੰਗ ਤੇ ਸੰਗੀਤਾ ਕੁਮਾਰੀ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ। ਮਿਡਫੀਲਡ ਵਿਚ ਕਪਤਾਨ ਸਲੀਮਾ ਟੇਟੇ, ਨੇਹਾ ਗੋਇਲ, ਸੁਸ਼ੀਲਾ ਚਾਨੂ ਤੇ ਓਦਿਤਾ ਪ੍ਰਭਾਵਸ਼ਾਲੀ ਰਹੀਆਂ। ਭਾਰਤ ਲਈ ਚਿੰਤਾ ਦਾ ਇਕਲੌਤਾ ਸਬੱਬ ਇਹ ਹੀ ਹੈ ਕਿ ਉਸਦੀਆ ਡਿਫੈਂਡਰਾਂ ਤੇ ਗੋਲਕੀਪਰਾਂ ਸਵਿਤਾ ਪੂਨੀਆਂ ਤੇ ਬਿਛੂ ਦੇਵੀ ਨੂੰ ਅਜੇ ਤੱਕ ਚੁਣੌਤੀ ਨਹੀਂ ਮਿਲੀ ਹੈ। ਉੱਥੇ ਹੀ ਚੀਨ ਦੀ ਟੀਮ ਜਵਾਬੀ ਹਮਲਿਆਂ ਵਿਚ ਮਾਹਿਰ ਹੈ।