ਸਟਿੰਗ ਵਿਵਾਦ ਮਗਰੋਂ ਚੇਤਨ ਸ਼ਰਮਾ ਨੇ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Friday, Feb 17, 2023 - 03:55 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਨੇ ਇਕ ਨਿਊਜ਼ ਚੈਨਲ ਦੇ ਸਟਿੰਗ ਆਪਰੇਸ਼ਨ ਵਿਚ ਫਸਣ ਤੋਂ ਬਾਅਦ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਟਿੰਗ ਅਪਰੇਸ਼ਨ ਵਿੱਚ ਸ਼ਰਮਾ ਨੇ ਕੁਝ ਗੁਪਤ ਜਾਣਕਾਰੀਆਂ ਦਾ ਖ਼ੁਲਾਸਾ ਕੀਤਾ ਸੀ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਇਕ ਸੂਤਰ ਨੇ ਗੁਪਤਤਾ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, 'ਹਾਂ, ਚੇਤਨ ਨੇ ਬੀ.ਸੀ.ਸੀ.ਆਈ. ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਸਟਿੰਗ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਅਸਥਿਰ ਹੋ ਗਈ ਸੀ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ ਗਿਆ ਸੀ।'

ਇਹ ਵੀ ਪੜ੍ਹੋ: ਭਾਰਤ ਲਈ 100 ਟੈਸਟ ਮੈਚ ਖੇਡਣ ਵਾਲੇ 13ਵੇਂ ਕ੍ਰਿਕਟਰ ਬਣੇ ਚੇਤੇਸ਼ਵਰ ਪੁਜਾਰਾ, ਗਾਵਸਕਰ ਤੋਂ ਮਿਲੀ ਸਪੈਸ਼ਲ ਕੈਪ

ਚੇਤਨ ਸ਼ਰਮਾ ਬੰਗਾਲ ਅਤੇ ਸੌਰਾਸ਼ਟਰ ਵਿਚਾਲੇ ਰਣਜੀ ਟਰਾਫੀ ਫਾਈਨਲ ਲਈ ਚੋਣ ਕਮੇਟੀ ਦੇ ਹੋਰ ਮੈਂਬਰਾਂ ਦੇ ਨਾਲ ਕੋਲਕਾਤਾ ਵਿੱਚ ਸਨ। ਉਹ ਇਰਾਨੀ ਕੱਪ ਲਈ ਟੀਮ ਦੀ ਚੋਣ ਦੇ ਸਬੰਧ ਵਿੱਚ ਉੱਥੇ ਗਏ ਸਨ। ਇਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ ਵਿੱਚ ਚੇਤਨ ਸ਼ਰਮਾ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ ਕਈ ਖਿਡਾਰੀ 80 ਤੋਂ 85 ਫ਼ੀਸਦੀ ਫਿੱਟ ਹੋਣ ਦੇ ਬਾਵਜੂਦ ਮੁਕਾਬਲੇ ਵਾਲੀ ਕ੍ਰਿਕਟ ਵਿੱਚ ਜਲਦੀ ਵਾਪਸੀ ਕਰਨ ਲਈ ਇੰਜੈਕਸ਼ਨ ਲੈਂਦੇ ਹਨ। ਭਾਰਤ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਇਹ ਵੀ ਦੋਸ਼ ਲਾਇਆ ਕਿ ਸਤੰਬਰ ਵਿੱਚ ਆਸਟਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਨੂੰ ਲੈ ਕੇ ਉਨ੍ਹਾਂ ਦੇ ਅਤੇ ਟੀਮ ਪ੍ਰਬੰਧਨ ਵਿਚਾਲੇ ਮਤਭੇਦ ਸਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਦੀਪਕ ਹੁੱਡਾ ਉਨ੍ਹਾਂ ਨੂੰ ਮਿਲਣ ਲਈ ਨਿਯਮਿਤ ਤੌਰ 'ਤੇ ਉਨ੍ਹਾਂ ਦੇ ਘਰ ਆਉਂਦੇ ਹਨ। ਚੇਤਨ ਨੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਰਿਸ਼ਤੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਸਾਬਕਾ ਕਪਤਾਨ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਵਿਚਾਲੇ ਈਗੋ ਦੀ ਲੜਾਈ ਸੀ।

ਇਹ ਵੀ ਪੜ੍ਹੋ: ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕਾਰ 'ਤੇ ਹਮਲਾ, ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ

ਬੀ.ਸੀ.ਸੀ.ਆਈ. ਦੇ ਉੱਚ ਅਧਿਕਾਰੀਆਂ ਨੂੰ ਚੇਤਨ ਦੀਆਂ ਇਹ ਟਿੱਪਣੀਆਂ ਚੰਗੀਆਂ ਨਹੀਂ ਲੱਗੀਆਂ ਅਤੇ ਮੌਜੂਦਾ ਰਾਸ਼ਟਰੀ ਟੀਮ ਦੇ ਮੈਂਬਰਾਂ ਦਾ ਵੀ ਉਨ੍ਹਾਂ ਤੋਂ ਵਿਸ਼ਵਾਸ ਉੱਠ ਗਿਆ। BCCI ਦੇ ਇਕ ਹੋਰ ਸੂਤਰ ਨੇ ਕਿਹਾ, “ਕੋਚ ਰਾਹੁਲ ਦ੍ਰਾਵਿੜ, ਕਪਤਾਨ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਦਾ ਉਨ੍ਹਾਂ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਗਿਆ ਹੈ। ਉਨ੍ਹਾਂ ਦਾ ਚੋਣ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਨਾਲ ਬੈਠਣਾ ਸੰਭਵ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਆਪਣਾ ਸਨਮਾਨ ਗੁਆ ਦਿੱਤਾ।' ਭਾਰਤੀ ਟੀਮ ਦੇ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਪੂਰੀ ਚੋਣ ਕਮੇਟੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਚੇਤਨ ਨੇ ਇਸ ਅਹੁਦੇ ਲਈ ਦੁਬਾਰਾ ਅਪਲਾਈ ਕੀਤਾ ਅਤੇ ਉਨ੍ਹਾਂ ਨੂੰ ਦੁਬਾਰਾ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: ਦੀਪਤੀ ਸ਼ਰਮਾ ਨੇ ਰਚਿਆ ਇਤਿਹਾਸ, ਟੀ-20 ਅੰਤਰਰਾਸ਼ਟਰੀ 'ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News