ਸ਼ਤਰੰਜ ਓਲੰਪਿਆਡ ਦੀ ਟਰਾਫੀ ਗਾਇਬ, ਪੁਲਸ ’ਚ ਸ਼ਿਕਾਇਤ ਦਰਜ
Saturday, Sep 21, 2024 - 11:11 AM (IST)

ਚੇਨਈ– ਅਖਿਲ ਭਾਰਤੀ ਸ਼ਤਰੰਜ ਸੰਘ (ਏ. ਆਈ. ਸੀ. ਐੱਫ.) ਨੇ ਸ਼ਤਰੰਜ ਓਲੰਪਿਆਡ ਟਰਾਫੀ ਦੇ ਗਾਇਬ ਹੋਣ ਤੋਂ ਬਾਅਦ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੂੰ ਟੀਮ ਨੇ ਟੂਰਨਾਮੈਂਟ ਦੇ ਪਿਛਲੇ ਗੇੜ ਵਿਚ ਜਿੱਤਿਆ ਸੀ। ਇਸ ਤੋਂ ਬਾਅਦ ਏ.ਆਈ. ਸੀ. ਐੱਫ. ਨੂੰ ਟਰਾਫੀ ਦੀ ਕਾਪੀ ਦਾ ਪ੍ਰਬੰਧ ਕਰਨਾ ਪਿਆ ਤੇ ਮੁਆਫੀ ਮੰਗਣੀ ਪਈ। ਇਹ ਇਕ ਰੋਲਿੰਗ ਟਰਾਫੀ ਹੈ। ਇਹ ਘਟਨਾ ਅਜਿਹੇ ਸਮੇਂ ਵਿਚ ਹੋਈ ਜਦੋਂ ਭਾਰਤੀ ਪੁਰਸ਼ ਟੀਮ ਬੁਡਾਪੇਸਟ ਵਿਚ ਚੱਲ ਰਹੇ ਓਲੰਪਿਆਡ ਦੇ 45ਵੇਂ ਸੈਸ਼ਨ ਵਿਚ ਸੋਨ ਤਮਗਾ ਜਿੱਤਣ ਦੇ ਨੇੜੇ ਹੈ।
ਏ. ਆਈ. ਸੀ. ਐੱਫ. ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਓਪਨ ਤੇ ਮਹਿਲਾ ਡਿਵਿਜ਼ਨ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਦਿੱਤੀ ਜਾਣ ਵਾਲੀ ‘ਗੈਪ੍ਰਿੰਡਾਸ਼ਵਿਲੀ ਟਰਾਫੀ’ ਗਾਇਬ ਹੋ ਗਈ। ਭਾਰਤ ਇਸ ਟਰਾਫੀ ਦਾ ਪਿਛਲਾ ਜੇਤੂ ਹੈ ਜਿਹੜੀ ਉਸ ਨੇ 2022 ਵਿਚ ਇੱਥੇ ਜਿੱਤੀ ਸੀ। ਓਲੰਪਿਆਡ ਦਾ ਮੌਜੂਦਾ ਗੇੜ 10 ਸਤੰਬਰ ਤੋਂ ਸ਼ੁਰੂ ਹੋਇਆ ਤੇ 23 ਸਤੰਬਰ ਨੂੰ ਖਤਮ ਹੋਣ ਵਾਲਾ ਹੈ।