IPL 2023: ਗੇਂਦਬਾਜ਼ਾਂ ਤੋਂ ਬਾਅਦ CSK ਦੇ ਬੱਲੇਬਾਜ਼ਾਂ ਦਾ ਜਲਵਾ, ਮੁੰਬਈ ਇੰਡੀਅਨਸ ਨੂੰ 6 ਵਿਕਟਾਂ ਨਾਲ ਹਰਾਇਆ

Saturday, May 06, 2023 - 07:38 PM (IST)

IPL 2023: ਗੇਂਦਬਾਜ਼ਾਂ ਤੋਂ ਬਾਅਦ CSK ਦੇ ਬੱਲੇਬਾਜ਼ਾਂ ਦਾ ਜਲਵਾ, ਮੁੰਬਈ ਇੰਡੀਅਨਸ ਨੂੰ 6 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਆਈ.ਪੀ.ਐੱਲ. 2023 ਦੇ 49ਵੇਂ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਸ ਖਿਲਾਫ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 6 ਮਈ (ਸ਼ਨੀਵਾਰ) ਨੂੰ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਖੇਡੇ ਜਾ ਗਏ ਮੁਕਾਬਲੇ 'ਚ ਮੁੰਬਈ ਨੇ ਸੀ.ਐੱਸ.ਕੇ. ਨੂੰ ਜਿੱਤ ਲਈ 140 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਨੂੰ ਧੋਨੀ ਦੀ ਟੀਮ ਨੇ 18ਵੇਂ ਓਵਰ 'ਚ ਹਾਸਿਲ ਕਰ ਲਿਆ।

140 ਦੌੜਾਂ ਦਾ ਪਿੱਛਾ ਕਰਦੇ ਹੋਏ ਚੇਨਈ ਦੀ ਟੀਮ ਨੂੰ ਰਿਤੁਰਾਜ ਗਾਇਕਵਾੜ ਅਤੇ ਡੇਵੋਨ ਕਾਨਵੇ ਨੇ ਸ਼ਾਨਦਾਰ ਸ਼ੁਰੂਆਤ ਦੁਆਈ। ਦੋਵਾਂ ਨੇ ਮਿਲ ਕੇ ਸਿਰਫ 4.1 ਓਵਰਾਂ 'ਚ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਪਿਊਸ਼ ਚਾਵਲਾ ਨੇ ਰਿਤੁਰਾਜ ਨੂੰ ਵਿਕੇਟਕੀਪਰ ਇਸ਼ਾਨ ਕਿਸ਼ਨ ਦੇ ਹੱਥੋਂ ਕੈਚ ਆਊਟ ਕਰਵਾ ਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ। ਰਿਤੁਰਾਜ ਨੇ 16 ਗੇਂਦਾਂ 'ਤੇ 30 ਦੌੜਾਂ ਬਣਾਈਆਂ, ਜਿਸ ਵਿਚ ਚਾਰ ਚੌਕੇ ਅਤੇ ਦੋ ਛੱਕੇ ਸ਼ਾਮਲ ਰਹੇ। ਇਸਤੋਂ ਬਾਅਦ ਕਾਨਵੇ ਅਤੇ ਰਹਾਣੇ ਵਿਚਾਲੇ ਦੂਜੀ ਵਿਕਟ ਲਈ 35 ਦੌੜਾਂ ਦੀ ਸਾਂਝੇਦਾਰੀ ਹੋਈ। 21 ਦੌੜਾਂ ਦੀ ਪਾਰੀ ਖੇਡਣ ਵਾਲੇ ਅਜਿੰਕਯ ਰਹਾਣੇ ਵੀ ਪਿਊਸ਼ ਚਾਵਲਾ ਦਾ ਸ਼ਿਕਾਰ ਬਣੇ।

ਇੰਪੈਕਟ ਪਲੇਅ ਅੰਬਾਤੀ ਰਾਇਡੂ ਤੋਂ ਚੰਗੀ ਪਾਰੀ ਦੀ ਉਮੀਦ ਸੀ ਪਰ ਉਹ 12 ਦੌੜਾਂ ਬਣਾ ਕੇ ਟ੍ਰਿਸਟਨ ਸਟੱਬਸ ਦਾ ਸ਼ਿਕਾਰ ਬਣ ਗਏ। ਚੇਨਈ ਨੂੰ ਚੌਥਾ ਝੱਟਕਾ ਡੇਵੋਨ ਕਾਨਵੇ ਦੇ ਰੂਪ 'ਚ ਲੱਗਾ ਜੋ 44 ਦੌੜਾਂ ਦੇ ਨਿੱਜੀ ਸਕੋਰ 'ਤੇ ਆਕਾਸ਼ ਮਧਵਾਲ ਦਾ ਸ਼ਿਕਾਰ ਬਣੇ। ਇਸਤੋਂ ਬਾਅਦ ਸ਼ਿਵਮ ਦੁਬੇ ਅਤੇ ਐੱਮ.ਐੱਸ. ਧੋਨੀ ਨੇ ਆਸਾਨੀ ਨਾਲ ਟੀਮ ਨੂੰ ਜਿੱਤਵਾ ਦਿੱਤਾ। ਦੂਬੇ ਨੇ 3 ਛੱਕਿਆਂ ਦੀ ਮਦਦ ਨਾਲ ਨਾਬਾਦ 26 ਦੌੜਾਂ ਬਣਾਈਆਂ। ਜਦਕਿ ਕਪਤਾਨ ਧੋਨੀ ਨੂੰ ਸਿਰਫ਼ 2 ਦੌੜਾਂ ਬਣਾਉਣ ਦਾ ਹੀ ਮੌਕਾ ਮਿਲਿਆ।

ਇਸਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਨੇ 14 ਦੌੜਾਂ 'ਤੇ 3 ਵਿਕਟਾਂ ਗੁਆ ਲਈਆਂ ਸਨ। ਸਭ ਤੋਂ ਪਹਿਲਾਂ ਮੁੰਬਈ ਨੇ ਕੈਮਰੁਨ ਗਰੀਨ ਦੀ ਵਿਕਟ ਗੁਆਈ, ਜੋ ਤੁਸ਼ਾਰ ਦੇਸ਼ਪਾਂਡੇ ਦੀ ਗੇਂਦ 'ਤੇ ਬੋਲਡ ਹੋਏ। ਉਥੇ ਹੀ ਇਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਨੂੰ ਦੀਪਕ ਚਾਹਰ ਨੇ ਇਕ ਹੀ ਓਵਰ 'ਚ ਆਊਟ ਕਰ ਦਿੱਤਾ। 3 ਵਿਕਟਾਂ ਡਿੱਗਣ ਤੋਂ ਬਾਅਦ ਸੁਰਿਆ ਕੁਮਾਰ ਯਾਦਵ ਅਤੇ ਨੇਹਾਲ ਵਢੇਰਾ ਵਿਚਾਲੇ 55 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸਨੇ ਮੁੰਬਈ ਨੂੰ ਸੰਕਟ ਤੋਂ ਉਭਾਰਿਆ। ਸੁਰਿਆ ਨੇ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਉਸਨੂੰ ਰਵਿੰਦਰ ਜਡੇਜਾ ਨੇ ਬੋਲਡ ਕੀਤਾ।  

ਨੇਹਲ ਵਢੇਰਾ ਨੇ (51 ਗੇਂਦਾਂ ਵਿੱਚ 64 ਦੌੜਾਂ) ਦੀ ਪਾਰੀ ਖੇਡ ਕੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣਾ ਪਹਿਲਾ ਅਰਧ ਸੈਂਕੜਾ ਬਣਾਇਆ। ਵਢੇਰਾ ਨੇ ਆਪਣੀ ਪਾਰੀ ਵਿੱਚ ਅੱਠ ਚੌਕੇ ਅਤੇ ਇੱਕ ਛੱਕਾ ਲਗਾਇਆ। ਮੁੰਬਈ ਇੰਡੀਅਨਜ਼ ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 8 ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਜਿਸ ਨੂੰ ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ਾਂ ਨੇ ਆਸਾਨੀ ਨਾਲ ਪੂਰਾ ਕਰ ਲਿਆ।


author

Rakesh

Content Editor

Related News

News Hub