ਪ੍ਰਸ਼ੰਸਕਾਂ ਦੀ ਵਾਪਸੀ ’ਤੇ ਲੀਸਟਰ ਨੂੰ ਹਰਾ ਕੇ ਤੀਜੇ ਸਥਾਨ ’ਤੇ ਪਹੁੰਚਿਆ ਚੇਲਸੀ
Wednesday, May 19, 2021 - 05:59 PM (IST)
ਸਪੋਰਟਸ ਡੈਸਕ : ਚੇਲਸੀ ਨੇ ਆਪਣੇ ਪ੍ਰਸ਼ੰਸਕਾਂ ਦੀ ਪਿਛਲੇ ਸਾਲ ਤੋਂ ਬਾਅਦ ਪਹਿਲੀ ਵਾਰ ਸਟੇਡੀਅਮ ’ਚ ਵਾਪਸੀ ਦਾ ਜਸ਼ਨ ਲੀਸਟਰ ਸਿਟੀ ਖ਼ਿਲਾਫ਼ 2-1 ਦੀ ਜਿੱਤ ਨਾਲ ਮਨਾਇਆ, ਜਿਸ ਨਾ ਉਹ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਪ੍ਰਤੀਯੋਗਿਤਾ ਦੀ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਪਹਿਲਾ ਹਾਫ ਗੋਲ ਰਹਿਤ ਰਹਿਣ ਤੋਂ ਬਾਅਦ ਐਂਟੋਨੀਓ ਰੂਡੀਗਰ ਨੇ 47ਵੇਂ ਮਿੰਟ ’ਚ ਚੇਲਸੀ ਨੂੰ ਬੜ੍ਹਤ ਦਿਵਾਈ, ਜਦਕਿ ਜੋਰਗਿਨਹੋ ਨੇ 66ਵੇਂ ਮਿੰਟ ’ਚ ਪੈਨਲਟੀ ਨੂੰ ਗੋਲ ’ਚ ਬਦਲ ਕੇ ਸਕੋਰ 2-0 ਕਰ ਦਿੱਤਾ। ਲੀਸਟਰ ਵੱਲੋਂ ਕੇਲੇਚੀ ਇਹਿਯਾਨਾਚੋ ਨੇ 76ਵੇਂ ਮਿੰਟ ’ਚ ਗੋਲ ਕੀਤਾ, ਜਿਸ ਨਾਲ ਹਾਰ ਦਾ ਫਰਕ ਘੱਟ ਹੋ ਸਕਿਆ। ਇਸ ਜਿੱਤ ਨਾਲ ਚੇਲਸੀ ਦੇ 37 ਮੈਚਾਂ ’ਚ 67 ਅੰਕ ਹਨ, ਜਦਕਿ ਲੀਸਟਰ ਦੇ ਇੰਨੇ ਹੀ ਮੈਚਾਂ ’ਚ 66 ਅੰਕ ਹਨ। ਮੈਨਚੈਸਟਰ ਸਿਟੀ ਪਹਿਲਾਂ ਹੀ ਖਿਤਾਬ ਆਪਣੇ ਨਾਂ ਤੈਅ ਕਰ ਚੁੱਕਾ ਹੈ, ਜਦਕਿ ਮੈਨਚੈਸਟਰ ਯੂਨਾਈਟਿਡ ਦਾ ਦੂਸਰੇ ਸਥਾਨ ’ਤੇ ਰਹਿਣਾ ਤੈਅ ਹੈ ਪਰ ਚੈਂਪੀਅਨਜ਼ ਲੀਗ ਦੇ ਆਖਰੀ ਦੋ ਸਥਾਨਾਂ ਲਈ ਮੁਕਾਬਲਾ ਸਖਤ ਹੋ ਗਿਆ ਹੈ।
ਚੇਲਸੀ ਤੋਂ ਇਲਾਵਾ ਲਿਵਰਪੂਲ ਵੀ ਇਸ ਦੌੜ ’ਚ ਸ਼ਾਮਿਲ ਹਨ, ਜਿਸ ਦੇ 36 ਮੈਚਾਂ ’ਚ 63 ਅੰਕ ਹਨ। ਇਕ ਹੋਰ ਮੈਚ ’ਚ ਬ੍ਰਾਈਟਨ ਨੇ ਸਿਟੀ ਨੂੰ 3-2 ਨਾਲ ਹਰਾਇਆ। ਸਿਟੀ ਦੇ 37 ਮੈਚਾਂ ’ਚ 83 ਅੰਕ ਹਨ। ਸਿਟੀ ਵੱਲੋਂ ਇਲਕੀ ਗੁੰਡੋਗਨ ਨੇ ਦੂਸਰੇ ਮਿੰਟ ’ਚ ਹੀ ਗੋਲ ਕਰ ਦਿੱਤਾ ਸੀ, ਜਦਕਿ ਫਿਲ ਫੋਡੇਨ ਨੇ 48ਵੇਂ ਮਿੰਟ ’ਚ ਸਕੋਰ 2-0 ਕਰ ਦਿੱਤਾ। ਬ੍ਰਾਈਟਨ ਨੇ ਦੂਸਰੇ ਹਾਫ ’ਚ ਤਿੰਨੋਂ ਗੋਲ ਕੀਤੇ। ਉਸ ਦੇ ਵੱਲੋਂ ਲਿਆਂਡ੍ਰੋ ਟ੍ਰੋਸਾਰਡ, ਐਡਮ ਵੇਬਸਟਰ ਤੇ ਡੈਨ ਬਰਨ ਨੇ ਗੋਲ ਕੀਤੇ। ਮੈਨਚੈਸਟਰ ਯੂਨਾਈਟਿਡ ਤੇ ਫੁਲਹਮ ਦਰਮਿਆਨ ਮੈਚ 1-1 ਨਾਲ ਬਰਾਬਰ ਰਿਹਾ। ਫੁਲਹਮ ਪਹਿਲਾਂ ਹੀ ਦੂਸਰੇ ਡਵੀਜ਼ਨ ’ਚ ਖਿਸਕ ਗਿਆ ਹੈ।