ਚੈਨਲ ਦਾ ਦਾਅਵਾ : 15 ਕੌਮਾਂਤਰੀ ਮੈਚਾਂ ''ਚ 26 ਵਾਰ ਫਿਕਸਿੰਗ

Monday, Oct 22, 2018 - 11:49 PM (IST)

ਚੈਨਲ ਦਾ ਦਾਅਵਾ : 15 ਕੌਮਾਂਤਰੀ ਮੈਚਾਂ ''ਚ 26 ਵਾਰ ਫਿਕਸਿੰਗ

ਦੋਹਾ— ਸਮਾਚਾਰ ਚੈਨਲ ਅਲ ਜਜ਼ੀਰਾ ਨੇ 15 ਕੌਮਾਂਤਰੀ ਕ੍ਰਿਕਟ ਮੈਚਾਂ 'ਚ ਦੋ ਦਰਜਨ ਤੋਂ ਵੀ ਵੱਧ ਕਥਿਤ ਫਿਕਸਿੰਗ ਦੇ ਦੋਸ਼ ਲਾ ਕੇ ਇਕ ਵਾਰ ਫਿਰ ਕ੍ਰਿਕਟ 'ਚ ਵੱਡੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਨਸਨੀ ਫੈਲਾ ਦਿੱਤੀ ਹੈ। ਇਸ ਮਾਮਲੇ 'ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਚੈਨਲ ਤੋਂ ਸਬੂਤਾਂ ਦੀ ਮੰਗ ਕੀਤੀ ਹੈ।
ਸਮਾਚਾਰ ਚੈਨਲ ਨੇ ਸਾਲ 2011 ਤੋਂ 2012 ਵਿਚਾਲੇ ਕਈ ਕੌਮਾਂਤਰੀ ਮੈਚਾਂ 'ਚ ਫਿਕਸਿੰਗ ਦੇ ਦੋਸ਼ ਲਾਏ ਹਨ, ਜਿਸ ਦੇ ਮੁਤਾਬਕ ਇੰਗਲੈਂਡ ਦੇ ਕੁਝ ਖਿਡਾਰੀਆਂ 'ਤੇ 7 ਮੈਚਾਂ ਵਿਚ ਸਪਾਟ ਫਿਕਸਿੰਗ ਦੇ ਦੋਸ਼ ਹਨ। ਆਸਟਰੇਲੀਆਈ ਖਿਡਾਰੀਆਂ 'ਤੇ 5, ਪਾਕਿਸਤਾਨੀ ਖਿਡਾਰੀਆਂ 'ਤੇ 3, ਜਦਕਿ ਹੋਰਨਾਂ ਟੀਮਾਂ ਦੇ ਖਿਡਾਰੀਆਂ 'ਤੇ ਘੱਟ ਤੋਂ ਘੱਟ ਇਕ ਮੈਚ ਵਿਚ ਸਪਾਟ ਫਿਕਸਿੰਗ ਦੇ ਦੋਸ਼ ਹਨ।
ਰਿਪੋਰਟ ਅਨੁਸਾਰ ਤਾਂ ਕੁਝ ਮੈਚਾਂ ਵਿਚ ਦੋਵਾਂ ਟੀਮਾਂ ਦੇ ਖਿਡਾਰੀਆਂ 'ਤੇ ਹੀ ਫਿਕਸਿੰਗ ਦੇ ਦੋਸ਼ ਲਾਏ ਗਏ ਹਨ। ਚੈਨਲ ਦਾ ਦਾਅਵਾ ਹੈ ਕਿ ਉਸ ਦੇ ਕੋਲ ਕਈ ਮਸ਼ਹੂਰ ਭਾਰਤੀ ਸੱਟੇਬਾਜ਼ਾਂ ਦੇ ਫੋਨਜ਼ ਦੀ ਰਿਕਾਰਡਿੰਗ ਮੌਜੂਦ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀਆਂ ਗੱਲਾਂ ਰਿਕਾਰਡ ਹੋ ਰਹੀਆਂ ਹਨ।
ਜਿਨ੍ਹਾਂ ਮੈਚਾਂ ਵਿਚ ਫਿਕਸਿੰਗ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿਚ ਲਾਰਡਸ ਕ੍ਰਿਕਟ ਮੈਦਾਨ 'ਤੇ ਭਾਰਤ ਬਨਾਮ ਇੰਗਲੈਂਡ, ਕੇਪਟਾਊਨ ਵਿਚ ਦੱਖਣੀ ਅਫਰੀਕਾ ਬਨਾਮ ਆਸਟਰੇਲੀਆ ਤੇ ਸੰਯੁਕਤ ਅਰਬ ਅਮੀਰਾਤ ਵਿਚ ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਕਈ ਮੈਚ ਸ਼ਾਮਲ ਹਨ। ਕਈ ਮੈਚਾਂ ਵਿਚ ਤਾਂ ਇਕ ਤੋਂ ਵੱਧ ਵਾਰ ਫਿਕਸਿੰਗ ਕੀਤੀ ਗਈ ਹੈ, ਜਦਕਿ ਕੁਲ 15 ਮੈਚਾਂ ਵਿਚ 26 ਵਾਰ ਫਿਕਸਿੰਗ ਹੋਈ ਹੈ।
ਸਮਾਚਾਰ ਚੈਨਲ ਨੇ ਆਪਣੀ ਡਾਕਿਊਮੈਂਟਰੀ 'ਚ ਸੱਟੇਬਾਜ਼ ਅਨਿਲ ਮੁਨਾਵਰ ਦੇ ਨਾਂ ਦਾ ਜ਼ਿਕਰ ਕੀਤਾ ਹੈ, ਜਿਸ ਨੇ ਮਈ 2018 ਵਿਚ ਵੀ ਤਹਿਲਕਾ ਮਚਾ ਦਿੱਤਾ ਸੀ। ਮੁਨਾਵਰ ਮੁੰਬਈ ਦਾ ਰਹਿਣ ਵਾਲਾ ਹੈ ਪਰ ਉਸ ਦਾ ਜ਼ਿਆਦਾਤਰ ਸਮਾਂ ਦੁਬਈ 'ਚ ਹੀ ਬੀਤਦਾ ਹੈ। ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਮੁਨਾਵਰ 2010 ਤੋਂ ਹੀ ਕੌਮਾਂਤਰੀ ਮੈਚਾਂ ਵਿਚ ਫਿਕਸਿੰਗ ਕਰ ਰਿਹਾ ਹੈ।
ਡਾਕਿਊਮੈਂਟਰੀ ਵਿਚ ਮੁਨਾਵਰ ਲਈ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਹੀ ਉਸ ਦੀ ਪਛਾਣ ਕੀਤੀ ਹੈ ਤੇ ਮੁਨਾਵਰ ਦੀ ਫਿਕਸਿੰਗ ਨੂੰ ਲੈ ਕੇ ਗੱਲਬਾਤ ਰਿਕਾਰਡ ਕੀਤੀ ਹੈ। ਇਸ ਤੋਂ ਬਾਅਦ ਮੁਨਾਵਰ ਦੀ ਭੂਮਿਕਾ ਦੀ ਫਿਰ ਇਕ ਮੰਨੇ-ਪ੍ਰਮੰਨੇ ਭਾਰਤੀ ਜਾਸੂਸ ਨੇ ਵੀ ਪੁਸ਼ਟੀ ਕੀਤੀ ਹੈ, ਜਿਸ ਨੇ ਇਕ ਕਥਿਤ ਅਪਰਾਧੀ ਸੋਨੂੰ ਜਲਾਨ ਨੂੰ ਗ੍ਰਿਫਤਾਰ ਕੀਤਾ ਸੀ।
ਫਿਕਸਿੰਗ ਦੇ ਨਵੇਂ ਦੋਸ਼ਾਂ ਨੂੰ ਲੈ ਕੇ ਵਿਸ਼ਵ ਕ੍ਰਿਕਟ ਸੰਸਥਾ ਨੇ ਤੁਰੰਤ ਐਕਸ਼ਨ ਵਿਚ ਆਉਂਦਿਆਂ ਅਲ ਜਜ਼ੀਰਾ ਤੋਂ ਰਿਲੀਜ਼ ਕੀਤੀ ਗਈ ਦੂਜੀ ਡਾਕਿਊਮੈਂਟਰੀ ਤੇ ਹੋਰ ਸਬੂਤ ਮੰਗੇ ਹਨ। ਰਿਪੋਰਟ ਵਿਚ ਚੈਨਲ ਨੇ ਸੱਟੇਬਾਜ਼ਾਂ ਦੀ ਰਿਕਾਰਡਿੰਗ ਦੀ ਗੱਲ ਕਹੀ ਹੈ। ਚੈਨਲ ਨੇ ਜਿਸ ਸੱਟੇਬਾਜ਼ ਦੇ ਨਾਂ ਦਾ ਜ਼ਿਕਰ ਦੂਜੀ ਡਾਕਿਊਮੈਂਟਰੀ ਵਿਚ ਕੀਤਾ ਹੈ, ਉਸੇ ਦਾ ਪਹਿਲੀ ਡਾਕਿਊਮੈਂਟਰੀ ਵਿਚ ਵੀ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਮੁਨਾਵਰ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦੀ ਡੀ ਕੰਪਨੀ ਲਈ ਕੰਮ ਕਰਦਾ ਸੀ। 
ਦੋਵਾਂ ਹੀ ਡਾਕਿਊਮੈਂਟਰੀਆਂ 'ਚ ਚੈਨਲ ਨੇ ਭਾਰਤੀ ਸੱਟੇਬਾਜ਼ਾਂ ਦਾ ਜ਼ਿਕਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਡਾਕਿਊਮੈਂਟਰੀ 'ਚ ਚੈਨਲ ਨੇ ਦਸੰਬਰ 2016 'ਚ ਹੋਏ ਚੇਨਈ ਟੈਸਟ, ਮਾਰਚ 2017 ਦੇ ਰਾਂਚੀ ਟੈਸਟ ਵਿਚ ਫਿਕਸਿੰਗ ਦੇ ਦੋਸ਼ ਲਾਏ ਸਨ, ਜਿਸ 'ਚ ਆਸਟਰੇਲੀਆ ਤੇ ਇੰਗਲੈਂਡ ਦੇ ਖਿਡਾਰੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਸੀ।

PunjabKesari
ਇਨ੍ਹਾਂ ਦਾਅਵਿਆਂ ਨੂੰ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਸਿਰੇ ਤੋਂ ਰੱਦ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਚੈਨਲ ਨੇ ਇਸ ਨੂੰ ਲੈ ਕੇ ਪੁਖਤਾ ਸਬੂਤ ਉਪਲੱਬਧ ਨਹੀਂ ਕਰਵਾਏ ਹਨ। ਆਈ. ਸੀ. ਸੀ. ਨੇ ਪਹਿਲਾਂ ਵੀ ਚੈਨਲ ਨੂੰ ਸਬੂਤ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਅਲ ਜਜ਼ੀਰਾ ਨੇ ਰੱਦ ਕਰ ਦਿੱਤਾ ਸੀ, ਜਦਕਿ ਇਸ ਵਾਰ ਫਿਰ ਤੋਂ ਵਿਸ਼ਵ ਪੱਧਰੀ ਸੰਸਥਾ ਨੇ ਚੈਨਲ ਨੂੰ ਸਬੂਤ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। 
ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏ. ਸੀ. ਯੂ.) ਦੇ ਮੈਨੇਜਰ ਐਲੇਕਸ ਮਾਰਸ਼ਲ ਨੇ ਕਿਹਾ, ''ਆਈ. ਸੀ. ਸੀ. ਕ੍ਰਿਕਟ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਪ੍ਰਤੀਬੱਧ ਹੈ। ਅਸੀਂ ਡਾਕਿਊਮੈਂਟਰੀ 'ਚ ਲਾਏ ਗਏ ਸਾਰੇ ਕਥਿਤ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਅੱਗੇ ਇਸ ਦੀ ਜਾਂਚ ਕਰਾਂਗੇ। ਹਾਲਾਂਕਿ ਅਸੀਂ ਚੈਨਲ ਨੂੰ ਇਸ ਨੂੰ ਲੈ ਕੇ ਸਾਰੇ ਦਸਤਾਵੇਜ਼ ਤੇ ਸਬੂਤ ਉਪਲੱਬਧ ਕਰਾਉਣ ਦੀ ਅਪੀਲ ਕਰਦੇ ਹਾਂ।'' ਈ. ਸੀ. ਬੀ. ਨੇ ਚੈਨਲ ਦੀ ਜਾਣਕਾਰੀ ਨੂੰ ਅਧੂਰਾ ਤਿਆਰ ਦੱਸਦਿਆਂ ਕਿਹਾ ਕਿ ਉਸ ਨੇ ਜਿਹੜੇ ਸਬੂਤ ਪੇਸ਼ ਕੀਤੇ ਸਨ, ਉਨ੍ਹਾਂ ਤੋਂ ਇੰਗਲਿਸ਼ ਖਿਡਾਰੀਆਂ ਦੀ ਸ਼ਮੂਲੀਅਤ ਪਤਾ ਨਹੀਂ ਲੱਗਦੀ। 
ਦੂਜੇ ਪਾਸੇ ਆਸਟਰੇਲੀਆਈ ਬੋਰਡ ਨੇ ਵੀ ਡਾਕਿਊਮੈਂਟਰੀ ਵਿਚ ਦੋਸ਼ੀ ਠਹਿਰਾਏ ਗਏ ਆਪਣੇ ਖਿਡਾਰੀਆਂ ਦਾ ਬਚਾਅ ਕੀਤਾ ਹੈ। ਸੀ. ਏ. ਦੇ ਸਾਬਕਾ ਪ੍ਰਮੁੱਖ ਜੇਮਸ ਸਦਰਲੈਂਡ ਨੇ ਦੱਸਿਆ ਕਿ ਅਲ ਜਜ਼ੀਰਾ ਦੀ ਦੂਜੀ ਡਾਕਿਊਮੈਂਟਰੀ ਦੇ ਜਾਰੀ ਹੋਣ ਤੇ ਉਸ ਵਿਚ ਆਸਟਰੇਲੀਆਈ ਖਿਡਾਰੀਆਂ ਦਾ ਜ਼ਿਕਰ ਹੋਣ ਦੀ ਸੂਚਨਾ ਪਹਿਲਾਂ ਤੋਂ ਸੀ। ਉਸ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਇਨ੍ਹਾਂ ਦਾਅਵਿਆਂ 'ਤੇ ਕੰਮ ਕਰ ਰਹੀ ਹੈ।


Related News