ਚਾਹਲ ਦੀਆਂ 3 ਵਿਕਟਾਂ ਦੀ ਬਦੌਲਤ ਨਾਰਥੈਂਪਟਨਸ਼ਾਇਰ ਨੇ ਡਰਹਮ ਨੂੰ ਹਰਾਇਆ
Sunday, Aug 17, 2025 - 11:39 AM (IST)

ਲੰਡਨ- ਜੇਮਸ ਸੇਲਸ ਦੀਆਂ 110 ਗੇਂਦਾਂ ’ਚ 117 ਦੌੜਾਂ ਦੀ ਖੂਬਸੂਰਤ ਪਾਰੀ ਅਤੇ ਯੁਜਵੇਂਦਰ ਚਾਹਲ ਦੀਆਂ 30 ਦੌੜਾਂ ’ਤੇ 3 ਵਿਕਟਾਂ ਦੀ ਬਦੌਲਤ ਨਾਰਥੈਂਪਟਨਸ਼ਾਇਰ ਨੇ ਡਰਹਮ ਨੂੰ ਵਨ-ਡੇ ਕੱਪ ’ਚ ਹਰਾ ਕੇ 4 ਮੈਚਾਂ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ । ਨਾਰਥੈਂਪਟਨਸ਼ਾਇਰ ਨੇ ਸੇਲਸ ਦੇ ਸੈਂਕੜੇ ਦੀ ਬਦੌਲਤ 8 ਵਿਕਟਾਂ ’ਤੇ 321 ਦੌੜਾਂ ਬਣਾਈਆਂ ਅਤੇ ਸਫਲਤਾਪੂਰਵਕ ਸਕੋਰ ਦਾ ਬਚਾਅ ਕਰ ਲਿਆ।
ਡਰਹਮ ਦੀ ਇਹ 5 ਮੈਚਾਂ ’ਚ ਤੀਜੀ ਹਾਰ ਹੈ, ਜਿਸ ਨਾਲ ਉਸ ਦੇ ਨਾਕਆਊਟ ਦੌਰ ’ਚ ਟਾਪ 3 ’ਚ ਜਗ੍ਹਾ ਬਣਾਉਣ ਦੇ ਸੁਪਨੇ ਨੂੰ ਧੱਕਾ ਲੱਗਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਾਰਥੈਂਪਟਨਸ਼ਾਇਰ ਵੱਲੋਂ ਸੇਲਸ ਨੇ ਸੈਂਕੜਾ ਲਾਇਆ ਅਤੇ ਉਸ ਦਾ ਸਾਥ ਨਿਊਜ਼ੀਲੈਂਡ ਦੇ ਟਿਮ ਰਾਬਿੰਸਨ ਨੇ ਦਿੱਤਾ, ਜਿਸ ਨੇ 69 ਗੇਂਦਾਂ ’ਚ 63 ਦੌੜਾਂ ਬਣਾਈਆਂ, ਜਦੋਂਕਿ ਜਸਟਿਨ ਬ੍ਰਾਡ ਨੇ 45 ਗੇਂਦਾਂ ’ਚ 59 ਦੌੜਾਂ ਬਣਾਈਆਂ।
ਡਰਹਮ ਨੇ ਇਸ ਤੋਂ ਬਾਅਦ ਜਲਦੀ ਵਿਕਟਾਂ ਗੁਆਈਆਂ ਅਤੇ ਕਦੇ ਵਾਪਸੀ ਨਹੀਂ ਕਰ ਸਕੀ। ਉਹ 32 ਓਵਰਾਂ ਦੇ ਅੰਦਰ 171 ਦੌੜਾਂ ’ਤੇ ਢੇਰ ਹੋ ਗਏ। ਭਾਰਤ ਦੇ ਯੁਜਵੇਂਦਰ ਚਾਹਲ ਨੇ 6 ਓਵਰਾਂ ’ਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਡਰਹਮ ਨੇ ਆਪਣੇ ਵਿਕਟਕੀਪਰ ਬੱਲੇਬਾਜ਼ ਓਲੀ ਰਾਬਿੰਸਨ ਨੂੰ ਮਿਸ ਕੀਤਾ ਕਿਉਂਕਿ ਉਹ ਪਰਿਵਾਰਕ ਕਾਰਨਾਂ ਨਾਲ ਇਹ ਮੈਚ ਨਹੀਂ ਖੇਡਿਆ। ਡੇਵਿਡ ਬੈਡਿੰਗਮ ਜਦੋਂ 30 ਦੌੜਾਂ ’ਤੇ ਸੀ ਤਾਂ ਉਹ ਬ੍ਰਾਡ ਦੀ 5ਵੀਂ ਗੇਂਦ ’ਤੇ ਮਿਡਆਫ ’ਤੇ ਆਊਟ ਹੋ ਗਿਆ ਅਤੇ ਇਸ ਦੇ ਨਾਲ ਉਸ ਨੇ 15 ਓਵਰਾਂ ’ਚ ਆਪਣੀਆਂ 78 ਦੌੜਾਂ ’ਤੇ ਆਪਣੇ 5 ਬੱਲੇਬਾਜ਼ਾਂ ਨੂੰ ਗੁਆ ਦਿੱਤਾ।