ਆਯੁਸ਼ ਬਾਦੋਨੀ ਦੇ ਧਮਾਕੇਦਾਰ ਦੋਹਰੇ ਸੈਂਕੜੇ ਦੀ ਬਦੌਲਤ ਦਲੀਪ ਟਰਾਫ਼ੀ ਦੇ ਸੈਮੀਫਾਈਨਲ ''ਚ ਪਹੁੰਚਿਆ ਉੱਤਰ ਖੇਤਰ
Monday, Sep 01, 2025 - 05:15 PM (IST)

ਸਪੋਰਟਸ ਡੈਸਕ- ਆਯੂਸ਼ ਬਾਦੋਨੀ ਦੇ ਅਜੇਤੂ ਦੋਹਰੇ ਸੈਂਕੜੇ ਦੀ ਮਦਦ ਨਾਲ ਉੱਤਰ ਖੇਤਰ ਨੇ ਦਲੀਪ ਟਰਾਫੀ ਕੁਆਰਟਰ ਫਾਈਨਲ ਦੇ ਚੌਥੇ ਤੇ ਆਖਰੀ ਦਿਨ ਐਤਵਾਰ ਨੂੰ ਇੱਥੇ ਪੂਰਬੀ ਖੇਤਰ ਨੂੰ ਵਾਪਸੀ ਕਰਨ ਦਾ ਮੌਕਾ ਨਹੀਂ ਦਿੱਤਾ ਤੇ ਪਹਿਲੀ ਪਾਰੀ ਵਿਚ ਬੜ੍ਹਤ ਦੇ ਆਧਾਰ ’ਤੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ।
ਪਹਿਲੀ ਪਾਰੀ ਵਿਚ 183 ਦੌੜਾਂ ਦੀ ਬੜ੍ਹਤ ਲੈਣ ਵਾਲੀ ਉੱਤਰ ਖੇਤਰ ਦੀ ਟੀਮ ਨੇ ਦਿਨ ਦੀ ਸ਼ੁਰੂਆਤ ਦੂਜੀ ਪਾਰੀ ਵਿਚ 2 ਵਿਕਟਾਂ ’ਤੇ 388 ਦੌੜਾਂ ਤੋਂ ਅੱਗੇ ਕੀਤੀ। ਟੀਮ ਨੇ 4 ਵਿਕਟਾਂ ’ਤੇ 658 ਦੌੜਾਂ ’ਤੇ ਪਾਰੀ ਖਤਮ ਐਲਾਨ ਕੀਤੀ ਤਦ ਉਸ ਦੀ ਬੜ੍ਹਤ 833 ਦੌੜਾਂ ਦੀ ਹੋ ਚੁੱਕੀ ਸੀ ਤੇ ਦੋਵਾਂ ਕਪਤਾਨਾਂ ਨੇ ਮੈਚ ਨੂੰ ਡਰਾਅ ਖ਼ਤਮ ਕਰਨ ’ਤੇ ਸਹਿਮਤੀ ਜਤਾ ਦਿੱਤੀ।
ਬਾਦੋਨੀ 223 ਗੇਂਦਾਂ ’ਤੇ 204 ਦੌੜਾਂ ’ਤੇ ਅਜੇਤੂ ਰਿਹਾ ਜਦਕਿ ਕਨੱਈਆ ਵਧਾਵਨ 23 ਦੌੜਾਂ ਬਣਾ ਕੇ ਅਜੇਤੂ ਰਿਹਾ। ਬਾਦੋਨੀ ਨੇ ਉੱਤਰ ਖੇਤਰ ਦੇ ਬੱਲੇਬਾਜ਼ੀ ਜਾਰੀ ਰੱਖਣ ਦੇ ਫੈਸਲੇ ਦਾ ਪੂਰਾ ਫਾਇਦਾ ਚੁੱਕਦੇ ਹੋਏ ਪਹਿਲੀ ਸ਼੍ਰੇਣੀ ਕਰੀਅਰ ਦਾ ਦੂਜਾ ਦੋਹਰਾ ਸੈਂਕੜਾ ਪੂਰਾ ਕੀਤਾ।
ਇਹ ਵੀ ਪੜ੍ਹੋ- ਟਰੰਪ ਨੂੰ ਇਕ ਹੋਰ ਝਟਕਾ ! ਅਦਾਲਤ ਨੇ ਡਿਪੋਰਟੇਸ਼ਨ ਦੇ ਫ਼ੈਸਲੇ 'ਤੇ ਲਾਈ ਰੋਕ
ਬੀਤੇ ਦਿਨ 56 ਦੌੜਾਂ ’ਤੇ ਅਜੇਤੂ ਰਹੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 93 ਦੌੜਾਂ ਦੇ ਸਕੋਰ ’ਤੇ ਛੱਕਾ ਲਾਇਆ ਤੇ ਫਿਰ ਇਕ ਦੌੜ ਲੈ ਕੇ 123 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਕਪਤਾਨ ਅੰਕਿਤ ਸ਼ਰਮਾ 2 ਦੌੜਾਂ ਨਾਲ ਦੋਹਰਾ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ।
ਦਿਨ ਦੀ ਸ਼ੁਰੂਆਤ 168 ਦੌੜਾਂ ਤੋਂ ਕਰਨ ਵਾਲਾ ਅੰਕਿਤ 198 ਦੌੜਾਂ ਬਣਾ ਕੇ ਤੇਜ਼ ਗੇਂਦਬਾਜ਼ ਮੁਖਤਾਰ ਹੁਸੈਨ ਦੀ ਗੇਂਦ ਨੂੰ ਮਿਡਆਨ ’ਤੇ ਸੂਰਜ ਜਾਇਸਵਾਲ ਦੇ ਹੱਥਾਂ ਵਿਚ ਖੇਡ ਗਿਆ। ਉਸ ਨੇ ਆਊਟ ਹੋਣ ਤੋਂ ਪਹਿਲਾਂ ਬਾਦੋਨੀ ਦੇ ਨਾਲ ਤੀਜੀ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਵਿਕਟ ਤੋਂ ਬਾਅਦ ਵੀ ਪੂਰਬੀ ਖੇਤਰ ਦੇ ਗੇਂਦਬਾਜ਼ਾਂ ਨੂੰ ਰਾਹਤ ਨਹੀਂ ਮਿਲੀ। ਕ੍ਰੀਜ਼ ’ਤੇ ਆਏ ਨਿਸ਼ਾਂਤ ਸੰਧੂ (91 ਗੇਂਦਾਂ ’ਚ 68 ਦੌੜਾਂ) ਨੇ ਬਾਦੋਨੀ ਦੇ ਨਾਲ 157 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੇ ਸਕੋਰ ਨੂੰ 600 ਦੇ ਪਾਰ ਪਹੁੰਚਾ ਦਿੱਤਾ। ਟੀਮ ਨੇ ਬਾਦੋਨੀ ਦਾ ਦੋਹਰਾ ਸੈਂਕੜਾ ਪੂਰਾ ਹੋਣ ਤੋਂ ਬਾਅਦ ਪਾਰੀ ਖਤਮ ਐਲਾਨ ਕਰ ਦਿੱਤੀ। ਬਾਦੋਨੀ ਨੇ 13 ਚੌਕੇ ਤੇ 3 ਛੱਕੇ ਲਾਏ ਜਦਕਿ ਸਿੰਧੂ ਨੇ 2 ਚੌਕੇ ਤੇ 5 ਛੱਕੇ ਲਾਏ।
ਪਹਿਲੀ ਪਾਰੀ ਵਿਚ ਹੈਟ੍ਰਿਕ ਸਮੇਤ 5 ਵਿਕਟਾਂ ਲੈਣ ਵਾਲੇ ਉੱਤਰ ਖੇਤਰ ਦੇ ਗੇਂਦਬਾਜ਼ ਆਕਿਬ ਨਬੀ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਮੈਚ ਡਰਾਅ ਤੋਂ ਬਾਅਦ ਉੱਤਰ ਖੇਤਰ ਦੇ ਕਪਤਾਨ ਅੰਕਿਤ ਨੇ ਕਿਹਾ, ‘‘ਜੇਕਰ ਅਸੀਂ ਚਾਹੁੰਦੇ ਤਾਂ ਨਤੀਜੇ ਲਈ ਜਾ ਸਕਦੇ ਸੀ। ਪਹਿਲੀ ਪਾਰੀ ਵਿਚ ਬੜ੍ਹਤ ਦੇ ਕਾਰਨ ਅਸੀਂ ਕੋਸ਼ਿਸ਼ ਨਹੀਂ ਕੀਤੀ। ਅਸੀਂ ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਨੂੰ ਵੀ (ਏਸ਼ੀਆ ਕੱਪ ਤੋਂ ਪਹਿਲਾਂ) ਜਿੰਨਾ ਹੋ ਸਕੇ ਓਨਾ ਤਰੋਤਾਜ਼ਾ ਰੱਖਣਾ ਚਾਹੁੰਦੇ ਸੀ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e