ਕਾਰਲਸਨ ਪਹੁੰਚਿਆ ਲੀਜੈਂਡਸ ਆਫ ਚੈੱਸ ਦੇ ਫਾਈਨਲ ''ਚ
Monday, Aug 03, 2020 - 12:56 AM (IST)
ਨਾਰਵੇ (ਨਿਕਲੇਸ਼ ਜੈਨ)– ਲੀਜੈਂਡਸ ਆਫ ਚੈੱਸ ਟੂਰਨਾਮੈਂਟ ਦੇ ਬੈਸਟ ਆਫ ਥ੍ਰੀ ਸੈਮੀਫਾਈਲ ਦੇ ਲਗਾਤਾਰ ਦੂਜੇ ਮੁਕਾਬਲੇ ਵਿਚ ਜਿੱਤ ਦਰਜ ਕਰਦੇ ਹੋਏ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਫਾਈਨਲ ਵਿਚ ਪਹੁੰਚ ਗਿਆ ਹੈ। ਇਕ ਵਾਰ ਫਿਰ ਉਸ ਦੇ ਅੱਗੇ ਰੂਸ ਦਾ ਪੀਟਰ ਸਿਵਡਲਰ ਕੁਝ ਖਾਸ ਨਹੀਂ ਕਰ ਸਕਿਆ ਤੇ 2.5-0.5 ਨਾਲ ਹਾਰ ਕੇ ਪ੍ਰਤੀਯੋਗਿਤਾ ਵਿਚੋਂ ਬਾਹਰ ਹੋ ਗਿਆ। ਦੋਵਾਂ ਵਿਚਾਲੇ ਹੋਏ ਪਹਿਲੇ ਮੁਕਾਬਲੇ ਵਿਚ ਇਸ ਵਾਰ ਮੈਗਨਸ ਕਾਰਲਸਨ ਨੇ ਸਫੇਦ ਮੋਹਰਿਆਂ ਨਾਲ ਬੇਹੱਦ ਹੀ ਹਮਲਾਵਰ ਖੇਡ ਦਿਖਾਈ ਤੇ ਇਕ ਵਾਰ ਫਿਰ ਸਿਰਫ 26 ਚਾਲਾਂ ਵਿਚ ਮੁਕਾਬਲਾ ਆਪਣੇ ਨਾਂ ਕਰ ਲਿਆ।
ਦੂਜੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਰੇਟੀ ਓਪਨਿੰਗ ਵਿਚ ਇਕ ਸਮੇਂ ਕਾਰਲਸਨ ਹਾਰ ਦੇ ਨੇੜੇ ਪਹੁੰਚ ਗਿਆ ਸੀ ਤੇ ਲੱਗ ਰਿਹਾ ਸੀ ਕਿ ਪੀਟਰ ਆਪਣੀ ਪਹਿਲੀ ਜਿੱਤ ਹਾਸਲ ਕਰ ਲਵੇਗਾ ਪਰ 28ਵੀਂ ਚਾਲ ਵਿਚ ਹਾਥੀ ਦੀ ਗਲਤ ਚਾਲ ਨੇ ਸਿਰਫ 28 ਚਾਲਾਂ ਵਿਚ ਹੀ ਉਸ ਤੋਂ ਖੇਡ ਖੋਹ ਲਈ। ਤੀਜੇ ਮੈਚ ਵਿਚ ਸਫੇਦ ਮੋਹਰਿਆਂ ਨਾਲ ਖੇਡ ਰਹੇ ਕਾਰਲਸਨ ਨੇ ਸੰਭਲ ਕੇ ਖੇਡਦੇ ਹੋਏ ਵਿਚ ਡਰਾਅ ਖੇਡਿਆ ਤੇ 2.5-0.5 ਨਾਲ ਜਿੱਤ ਦਰਜ ਕਰ ਲਈ, ਜਿਸ ਨਾਲ ਚੌਥੇ ਮੈਚ ਦੀ ਲੋੜ ਨਹੀਂ ਪਈ। ਉਥੇ ਹੀ ਫਾਈਨਲ ਵਿਚ ਕਾਰਲਸਨ ਦੇ ਸਾਹਮਣੇ ਕੌਣ ਹੋਵੇਗਾ, ਇਹ ਇਕ ਦਿਨ ਬਾਅਦ ਤੈਅ ਹੋਵੇਗਾ। ਫਿਲਹਾਲ ਨੀਦਰਲੈਂਡ ਦਾ ਅਨੀਸ਼ ਗਿਰੀ ਨੇ ਰੂਸ ਦਾ ਇਯਾਨ ਨੈਪੋਮਨਿਆਚੀ 1-1 ਨਾਲ ਬਰਾਬਰੀ 'ਤੇ ਹਨ ।