ਭਾਰਤ ਏ ਨੇ ਨਿਊਜ਼ੀਲੈਂਡ ਇਲੈਵਨ ਖਿਲਾਫ 92 ਦੌੜਾਂ ਨਾਲ ਦਰਜ ਕੀਤੀ ਸ਼ਾਨਦਾਰ ਜਿੱਤ

01/17/2020 5:22:23 PM

ਸਪੋਰਟਸ ਡੈਸਕ— ਕਪਤਾਨ ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਸੂਰਯਕੁਮਾਰ ਯਾਦਵ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਮਦਦ ਨਾਲ ਭਾਰਤੇ-ਏ ਨੇ ਸ਼ੁੱਕਰਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਇਲੈਵਨ ਖਿਲਾਫ ਪ੍ਰੈਕਟਿਸ ਮੈਚ 'ਚ 92 ਦੌੜਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਇਲੈਵਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤੀ ਟੀਮ ਨੇ ਨਿਰਧਾਰਤ 50 ਓਵਰ ਦੇ ਖੇਡ 'ਚ ਅੱਠ ਵਿਕਟਾਂ ਗੁਆ ਕੇ 279 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਜਿਸ ਦੇ ਜਵਾਬ 'ਚ ਮੇਜ਼ਬਾਨ ਟੀਮ 41.1 ਓਵਰ 'ਚ 187 ਦੌੜਾਂ ਬਣਾ ਕੇ ਢੇਰ ਹੋ ਗਈ।

ਟੀਮ ਇੰਡੀਆ ਦੇ ਆਗਾਮੀ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤ-ਏ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਆਪਣੇ ਓਪਨਿੰਗ ਕਾਂਬੀਨੇਸ਼ਨ ਨੂੰ ਲੈ ਕੇ ਪਰੇਸ਼ਾਨ ਟੀਮ ਦੇ ਲਈ ਇਹ ਚੰਗਾ ਸੰਕੇਤ ਹੈ ਕਿ ਇੰਡੀਆ-ਏ ਟੀਮ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਕਪਤਾਨ ਸ਼ੁਭਮਨ ਗਿੱਲ ਨੇ 68 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 50 ਦੌੜਾਂ, ਗਾਇਕਵਾੜ ਨੇ 103 ਗੇਂਦਾਂ 'ਚ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 93 ਦੌੜਾਂ ਅਤੇ ਯਾਦਵ ਨੇ 48 ਗੇਂਦਾਂ 'ਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ।

ਟੀਮ ਲਈ ਲੋਅਰ ਆਰਡਰ 'ਤੇ ਕਰੁਣਾਲ ਪੰਡਯਾ ਨੇ ਵਧੀਆ ਪਾਰੀ ਖੇਡੀ ਅਤੇ 31 ਗੇਂਦਾਂ 'ਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 41 ਦੌੜਾਂ ਦੀ ਲਾਹੇਬੰਦ ਪਾਰੀ ਖੇਡੀ ਹਾਲਾਂਕਿ ਵਿਕਟਕੀਪਰ ਸੰਜੂ ਸੈਮਸਨ ਨੇ ਨਿਰਾਸ਼ ਕੀਤਾ ਅਤੇ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਵਿਸ਼ਵ ਕੱਪ ਟੀਮ ਦਾ ਹਿੱਸਾ ਰਹੇ ਆਲਰਾਊਂਡਰ ਵਿਜੇ ਸ਼ੰਕਰ ਵੀ 13 ਦੌੜਾਂ ਬਣਾ ਕੇ ਫਲਾਪ ਸਾਬਤ ਹੋਏ।

ਨਿਊਜ਼ੀਲੈਂਡ ਇਲੈਵਨ ਲਈ ਜੈਕ ਗਿਬਸਨ ਨੇ 51 ਦੌੜਾਂ 'ਤੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਕੱਢੀਆਂ। ਨਿਊਜ਼ੀਲੈਂਡ ਇਲੈਵਨ ਲਈ ਓਪਨਿੰਗ ਜੋੜੀ ਜੈਕਬ ਭੂਲਾ (50 ਦੌੜਾਂ) ਅਤੇ ਜੈਕ ਬਾਇਲ (42) ਨੇ ਪਹਿਲੇ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ, ਪਰ ਟੀਮ ਦਾ ਕੋਈ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਟਿੱਕ ਨਾ ਸਕਿਆ ਅਤੇ ਪੂਰੀ ਟੀਮ ਲਗਭਗ 9 ਓਵਰਾਂ ਪਹਿਲਾਂ ਹੀ 187 'ਤੇ ਢੇਰ  ਹੋ ਗਈ। ਭਾਰਤ-ਏ ਵੱਲੋਂ ਖਲੀਲ ਅਹਿਮਦ ਨੇ 4.1 ਓਵਰ 'ਚ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਨੂੰ 33 ਦੌੜਾਂ 'ਤੇ ਦੋ ਵਿਕਟਾਂ ਮਿਲੀਆਂ। ਕਰੁਣਾਲ ਨੇ ਚੰਗੀ ਬੱਲੇਬਾਜ਼ੀ ਦੇ ਬਾਅਦ ਵਧੀਆ ਗੇਂਦਬਾਜ਼ੀ ਕਰਕੇ 51 ਦੌੜਾਂ 'ਤੇ 2 ਵਿਕਟਾਂ ਵੀ ਕੱਢੀਆਂ। ਸ਼ੰਕਰ ਨੇ 26 ਦੌੜਾਂ ਦੇ ਕੇ ਇਕ ਵਿਕਟ ਅਤੇ ਰਾਹੁਲ ਚਾਹਰ ਨੇ 5 ਦੌੜਾਂ 'ਤੇ ਇਕ ਵਿਕਟ ਲਿਆ।


Tarsem Singh

Content Editor

Related News