ਸ਼ਾਕਿਬ ਅਲ ਹਸਨ ਦੇ ਸਮਰਥਨ ''ਚ ਆਏ ਕਪਤਾਨ ਸ਼ਾਂਤੋ, ਖ਼ਰਾਬ ਫਾਰਮ ਨੂੰ ਲੈ ਕੇ ਦਿੱਤਾ ਇਹ ਬਿਆਨ

Sunday, Sep 22, 2024 - 05:37 PM (IST)

ਸ਼ਾਕਿਬ ਅਲ ਹਸਨ ਦੇ ਸਮਰਥਨ ''ਚ ਆਏ ਕਪਤਾਨ ਸ਼ਾਂਤੋ, ਖ਼ਰਾਬ ਫਾਰਮ ਨੂੰ ਲੈ ਕੇ ਦਿੱਤਾ ਇਹ ਬਿਆਨ

ਚੇਨਈ : ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਆਪਣੀ ਗੇਂਦਬਾਜ਼ੀ ਨਾਲ ਜੂਝ ਰਹੇ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਆਪਣੀ ਲੈਅ ਮੁੜ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਬੰਗਲਾਦੇਸ਼ ਨੂੰ ਇੱਥੇ ਦੋ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ 280 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਸ਼ਾਕਿਬ ਨੇ 21 ਓਵਰਾਂ 'ਚ 129 ਦੌੜਾਂ ਦਿੱਤੀਆਂ ਅਤੇ ਇਕ ਵੀ ਵਿਕਟ ਲੈਣ 'ਚ ਨਾਕਾਮ ਰਿਹਾ।

ਇਹ ਪਹਿਲੀ ਵਾਰ ਹੈ ਜਦੋਂ ਉਹ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ ਇੰਨੀਆਂ ਦੌੜਾਂ ਖਰਚ ਕਰਨ ਦੇ ਬਾਵਜੂਦ ਕੋਈ ਸਫਲਤਾ ਹਾਸਲ ਨਹੀਂ ਕਰ ਸਕਿਆ। ਇਹ ਉਸਦੇ ਕਰੀਅਰ ਵਿਚ ਪੰਜਵਾਂ ਮੌਕਾ ਸੀ, ਜਦੋਂ ਉਹ ਕਿਸੇ ਟੈਸਟ ਮੈਚ ਵਿਚ ਘੱਟੋ-ਘੱਟ 20 ਓਵਰਾਂ ਦੀ ਗੇਂਦਬਾਜ਼ੀ ਕਰਨ ਦੇ ਬਾਵਜੂਦ ਇਕ ਵਿਕਟ ਤੋਂ ਖੁੰਝ ਗਿਆ। ਮੈਚ ਤੋਂ ਬਾਅਦ ਜਦੋਂ ਸ਼ਾਂਤੋ ਤੋਂ ਸ਼ਾਕਿਬ ਦੀ ਟੀਮ 'ਚ ਜਗ੍ਹਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਕਪਤਾਨ ਦੇ ਤੌਰ 'ਤੇ ਮੈਂ ਖਿਡਾਰੀ ਦੀ ਮਿਹਨਤ ਦਾ ਮੁਲਾਂਕਣ ਕਰਦਾ ਹਾਂ। ਉਹ (ਸ਼ਾਕਿਬ) ਆਪਣੀ ਫਾਰਮ ਵਾਪਸ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅਸ਼ਵਿਨ ਦਾ ਆਲਰਾਊਂਡ ਪ੍ਰਦਰਸ਼ਨ, ਭਾਰਤ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ

ਉਨ੍ਹਾਂ ਕਿਹਾ, ''ਮੇਰੇ ਲਈ ਇਹ ਦੇਖਣਾ ਮਹੱਤਵਪੂਰਨ ਹੈ ਕਿ ਕੀ ਉਹ ਵਾਪਸੀ ਕਰਨ ਲਈ ਕਾਫੀ ਲੜ ਰਿਹਾ ਹੈ। ਟੀਮ ਪ੍ਰਤੀ ਉਸਦਾ ਰਵੱਈਆ ਕੀ ਹੈ ਅਤੇ ਉਹ ਟੀਮ ਨੂੰ ਕਿੰਨਾ ਕੁਝ ਦੇਣ ਲਈ ਤਿਆਰ ਹੈ। ਉਸ ਨੇ ਮੈਚ ਦੀ ਪਹਿਲੀ ਪਾਰੀ 'ਚ ਸ਼ਾਕਿਬ ਨੂੰ ਜ਼ਿਆਦਾ ਗੇਂਦਬਾਜ਼ੀ ਨਾ ਕਰਨ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਸਮੇਂ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਸੀ। ਉਸ ਨੇ ਕਿਹਾ, ''ਸਾਡੇ ਤਿੰਨ ਤੇਜ਼ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੈਨੂੰ ਪਹਿਲੀ ਪਾਰੀ 'ਚ ਉਨ੍ਹਾਂ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਨਹੀਂ ਹੋਈ। (ਮਹਿਦੀ ਹਸਨ) ਮਿਰਾਜ ਵੀ ਇਸ ਦੌਰਾਨ ਚੰਗੀ ਬੱਲੇਬਾਜ਼ੀ ਕਰ ਰਿਹਾ ਸੀ। ਮੇਰੀ ਯੋਜਨਾ ਤੇਜ਼ ਗੇਂਦਬਾਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨ ਦੀ ਸੀ। ਅਸੀਂ ਪਹਿਲੀ ਪਾਰੀ ਵਿਚ ਤੇਜ਼ੀ ਨਾਲ ਛੇ ਵਿਕਟਾਂ ਲਈਆਂ।

ਭਾਰਤ ਦੇ ਸਾਬਕਾ ਖੱਬੇ ਹੱਥ ਦੇ ਗੇਂਦਬਾਜ਼ ਮੁਰਲੀ ​​ਕਾਰਤਿਕ ਨੂੰ ਕੁਮੈਂਟਰੀ ਦੌਰਾਨ ਇਹ ਕਹਿੰਦੇ ਸੁਣਿਆ ਗਿਆ ਕਿ ਸ਼ਾਕਿਬ ਆਪਣੀ ਗੇਂਦਬਾਜ਼ੀ ਦੀ ਉਂਗਲੀ ਦੀ ਸਰਜਰੀ ਕਾਰਨ ਆਰਾਮਦਾਇਕ ਨਹੀਂ ਦਿਖਾਈ ਦੇ ਰਿਹਾ ਸੀ। ਭਾਰਤ 'ਚ ਖੇਡੇ ਗਏ ਵਨਡੇ ਵਿਸ਼ਵ ਕੱਪ ਦੌਰਾਨ ਸ਼ਾਕਿਬ ਦੀ ਇੰਡੈਕਸ ਫਿੰਗਰ 'ਚ ਸੱਟ ਲੱਗ ਗਈ ਸੀ। ਸ਼ਾਂਤੋ ਨੇ ਕਿਹਾ, ''ਇਹ ਇਕ ਟੀਮ ਗੇਮ ਹੈ ਅਤੇ ਮੈਂ ਕਿਸੇ ਇਕ ਖਿਡਾਰੀ ਬਾਰੇ ਗੱਲ ਕਰਨ ਵਿਚ ਸਹਿਜ ਨਹੀਂ ਹਾਂ।''

ਇਸ ਮੈਚ ਦੀ ਦੂਜੀ ਪਾਰੀ ਵਿਚ 82 ਦੌੜਾਂ ਦਾ ਯੋਗਦਾਨ ਦੇਣ ਵਾਲੇ ਸ਼ਾਂਤੋ ਨੇ ਉਮੀਦ ਜਤਾਈ ਕਿ ਟੀਮ 27 ਸਤੰਬਰ ਤੋਂ ਕਾਨਪੁਰ ਵਿਚ ਖੇਡੇ ਜਾਣ ਵਾਲੇ ਦੂਜੇ ਟੈਸਟ ਵਿਚ ਜ਼ਬਰਦਸਤ ਵਾਪਸੀ ਕਰੇਗੀ। ਉਨ੍ਹਾਂ ਕਿਹਾ, ''ਭਾਰਤ ਕੋਲ ਤੇਜ਼ ਅਤੇ ਸਪਿਨ ਦੋਵਾਂ ਵਿਭਾਗਾਂ 'ਚ ਚੰਗੇ ਗੇਂਦਬਾਜ਼ ਹਨ ਪਰ ਅਸੀਂ ਉਨ੍ਹਾਂ ਦੀ ਤਾਕਤ ਬਾਰੇ ਜ਼ਿਆਦਾ ਸੋਚੇ ਬਿਨਾਂ ਆਪਣੀ ਖੇਡ 'ਤੇ ਧਿਆਨ ਦੇ ਰਹੇ ਹਾਂ।'' ਉਨ੍ਹਾਂ ਕਿਹਾ, ''ਸਾਨੂੰ ਸੱਚਮੁੱਚ ਆਪਣੀਆਂ ਸ਼ਕਤੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਅਸੀਂ ਟੀਮ ਲਈ ਕਿਵੇਂ ਯੋਗਦਾਨ ਦੇ ਸਕਦੇ ਹਾਂ। ਮੇਰਾ ਮੰਨਣਾ ਹੈ ਕਿ ਸਾਡੀ ਟੀਮ ਵਿਚ ਬਹੁਤ ਸਾਰੇ ਤਜਰਬੇਕਾਰ ਖਿਡਾਰੀ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਜ਼ੋਰਦਾਰ ਵਾਪਸੀ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News