ਹਾਂ-ਪੱਖੀ ਸੋਚ ਨਾਲ ਮਿਲੀ ਜਿੱਤ : ਮੋਰਗਨ
Friday, Jul 05, 2019 - 11:35 AM (IST)

ਚੇਸਟਰ ਲੀ ਸਟ੍ਰੀਟ- ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਮੁਕਾਬਲੇ ਵਿਚ ਹਰਾ ਕੇ 27 ਸਾਲ ਦੇ ਲੰਬੇ ਸਮੇਂ ਬਾਅਦ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੇ ਮੇਜ਼ਬਾਨ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਟੀਮ ਨੇ ਪਿਛਲੇ ਦੋਵੇਂ ਮੈਚਾਂ ਵਿਚ ਹਾਂ-ਪੱਖੀ ਸੋਚ ਨਾਲ ਪ੍ਰਦਰਸ਼ਨ ਕੀਤਾ ਹੈ। ਮੋਰਗਨ ਨੇ ਕਿਹਾ,''ਮੇਰੇ ਖਿਆਲ ਨਾਲ ਇਸ ਮੁਕਾਬਲੇ ਵਿਚ ਪੂਰੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚੋਟੀਕ੍ਰਮ ਦੇ ਦੋਵੇਂ ਬੱਲੇਬਾਜ਼ਾਂ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਜਾਨੀ ਬੇਅਰਸਟੋ ਦੇ ਸੈਂਕੜੇ ਦੀ ਬਦੌਲਤ ਹੀ ਟੀਮ ਇਸ ਮੁਕਾਬਲੇ ਨੂੰ ਜਿੱਤਣ ਵਿਚ ਸਫਲ ਰਹੀ ਹੈ। ''
ਮੋਰਗਨ ਨੇ ਕਿਹਾ, ''ਹਾਲਾਂਕਿ 25 ਓਵਰਾਂ ਤੋਂ ਬਾਅਦ ਸਾਡੀ ਬੱਲੇਬਾਜ਼ੀ ਹੌਲੀ ਹੋ ਗਈ ਤੇ ਇਸ ਦੌਰਾਨ ਜਿਹੜਾ ਵੀ ਬੱਲੇਬਾਜ਼ੀ ਕਰਨ ਉਤਰਿਆ, ਉਹ ਵੱਡੀ ਪਾਰੀ ਨਹੀਂ ਖੇਡ ਸਕਿਆ। ਬੋਰਡ 'ਤੇ 305 ਦੌੜਾਂ ਦਾ ਸਕੋਰ ਚੁਣੌਤੀਪੂਰਨ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮੁਕਾਬਲੇ ਵਿਚ ਟੀਮ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ, ਟੀਮ ਥੋੜ੍ਹੀ ਲੜਖੜਾ ਜ਼ਰੂਰ ਗਈ ਸੀ।''
ਉਸ ਨੇ ਕਿਹਾ, ''ਮੈਚ ਦੌਰਾਨ ਪਿੱਚਾਂ ਦਾ ਹੌਲਾ ਹੋਣਾ ਪੂਰੇ ਟੂਰਨਾਮੈਂਟ ਵਿਚ ਦੇਖਿਆ ਗਿਆ ਹੈ। ਜੇਕਰ ਪਿੱਚਾਂ ਅਜਿਹੀਆਂ ਹੀ ਹੌਲੀ ਰਹੀਆਂ ਤਾਂ ਅਸੀਂ ਅੱਗੇ ਦੇ ਮੁਕਾਬਲਿਆਂ ਵਿਚ ਵੀ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਾਂਗੇ। ਜਿਸ ਤਰ੍ਹਾਂ ਨਾਲ ਸਾਡੇ ਬੱਲੇਬਾਜ਼ਾਂ ਨੇ ਪਿਛਲੇ ਦੋ ਮੁਕਾਬਲਿਆਂ ਵਿਚ ਬੱਲੇਬਾਜ਼ੀ ਕੀਤੀ ਹੈ, ਉਸੇ ਤਰ੍ਹਾਂ ਦਾ ਹੀ ਪ੍ਰਦਰਸ਼ਨ ਟੀਮ ਪਿਛਲੇ ਦੋ ਸਾਲਾਂ ਤੋਂ ਕਰ ਰਹੀ ਹੈ। ਸਾਡੇ ਚੋਟੀਕ੍ਰਮ ਦੇ ਬੱਲੇਬਾਜ਼ ਬਿਨਾਂ ਕਿਸੇ ਦਬਾਅ ਦੇ ਬੱਲੇਬਾਜ਼ੀ ਕਰ ਰਹੇ ਹਨ।''