2008 ਵਿਚ ਭਾਰਤ-ਆਸਟਰੇਲੀਆ ਟੈਸਟ ਦੌਰਾਨ ਦੋ ਗਲਤੀਆਂ ਕੀਤੀਆਂ ਸਨ : ਬਕਨਰ
Sunday, Jul 19, 2020 - 07:26 PM (IST)
ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਸਾਬਕਾ ਅੰਪਾਇਰ ਸਟੀਵ ਬਕਨਰ ਨੇ ਕਿਹਾ ਹੈ ਕਿ ਉਸ ਨੇ 2008 ਵਿਚ ਭਾਰਤ ਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦੌਰਾਨ ਦੋ ਗਲਤੀਆਂ ਕੀਤੀਆਂ ਸਨ। ਭਾਰਤ ਤੇ ਆਸਟਰੇਲੀਆ ਵਿਚਾਲੇ ਸਿਡਨੀ ਵਿਚ ਖੇਡੇ ਗਏ ਬਾਰਡਰ-ਗਾਵਸਕਰ ਸੀਰੀਜ਼ ਦੇ ਦੂਜੇ ਮੁਕਾਬਲੇ ਵਿਚ ਬਕਨਰ ਤੇ ਮਾਕਰ ਬੇਂਸਨ ਮੈਦਾਨੀ ਅੰਪਾਇਰ ਸਨ। ਇਸ ਮੈਚ ਵਿਚ ਦੋਵਾਂ ਅੰਪਾਇਰਾਂ ਨੇ ਕੁਝ ਗਲਤ ਫੈਸਲੇ ਕੀਤੇ ਸਨ, ਜਿਸ ਕਾਰਣ ਭਾਰਤ ਨੂੰ 122 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਕਨਰ ਦੀਆਂ ਗਲਤੀਆਂ ਤੋਂ ਇਲਾਵਾ ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਤੇ ਆਸਟਰੇਲੀਆ ਦੇ ਐਂਡ੍ਰਿਓ ਸਾਈਮੰਡਸ ਵਿਚਾਲੇ ਹੋਏ ਮੰਕੀ ਗੇਟ ਮਾਮਲੇ ਦੇ ਕਾਰਣ ਵੀ ਇਹ ਸੀਰੀਜ਼ ਵਿਵਾਦਾਂ ਵਿਚ ਰਹੀ ਸੀ। ਇਹ ਵਿਵਾਦ ਇੰਨਾ ਵੱਧ ਗਿਆ ਸੀ ਕਿ ਆਈ. ਸੀ. ਸੀ. ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਸੀ।
ਇਸ ਮੁਕਾਬਲੇ ਦੇ 12 ਸਾਲਾਂ ਬਾਅਦ ਬਕਨਰ ਨੇ ਆਖਿਰਕਾਰ ਆਪਣੀਆਂ ਗਲਤੀਆਂ ਮੰਨੀਆਂ। ਬਕਨਰ ਨੇ ਕਿਹਾ,''ਮੈਂ 2008 ਵਿਚ ਸਿਡਨੀ ਟੈਸਟ ਦੌਰਾਨ ਦੋ ਗਲਤੀਆਂ ਕੀਤੀਆਂ। ਮੇਰੀ ਪਹਿਲੀ ਗਲਤੀ ਇਹ ਸੀ ਕਿ ਜਦੋਂ ਭਾਰਤ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ ਤਾਂ ਉਸ ਸਮੇਂ ਮੈਂ ਇਕ ਆਸਟਰੇਲੀਆਈ ਬੱਲੇਬਾਜ਼ ਨੂੰ ਸੈਂਕੜਾ ਬਣਾਉਣ ਦਿੱਤਾ।'' ਉਸ ਨੇ ਕਿਹਾ,''ਮੇਰੀ ਦੂਜੀ ਗਲਤੀ ਜਿਹੜੀ ਮੁਕਾਬਲੇ ਦੇ 5ਵੇਂ ਦਿਨ ਸੀ, ਜਿਸ ਨਾਲ ਸ਼ਾਇਦ ਭਾਰਤ ਮੁਕਾਬਲਾ ਹਾਰ ਗਿਆ। ਕੀ ਮੈਂ ਟੈਸਟ ਮੈਚ ਵਿਚ ਦੋ ਗਲਤੀਆਂ ਕਰਨ ਵਾਲਾ ਪਹਿਲਾ ਅੰਪਾਇਰ ਸੀ। ਇਸ ਦੇ ਬਾਵਜੂਦ ਇਹ ਦੋ ਗਲਤੀਆਂ ਮੈਨੂੰ ਬੇਚੈਨ ਕਰਦੀਆਂ ਹਨ। ਤੁਹਾਨੂੰ ਜਾਣਨ ਦੀ ਲੋੜ ਹੈ ਕਿ ਇਹ ਗਲਤੀਆਂ ਕਿਉਂ ਹੋਈਆਂ। ਤੁਸੀਂ ਅਜਿਹੀਆਂ ਗਲਤੀਆਂ ਦੁਬਾਰਾ ਨਹੀਂ ਕਰਨਾ ਚਾਹੋਗੇ।'' ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਬਕਨਰ ਤੇ ਬੇਂਸਨ ਦੀ ਅੰਪਾਈਰਿੰਗ ਦੀ ਸ਼ਿਕਾਇਤ ਕੀਤੀ ਸੀ।