ਅਜਿੰਕਿਆ ਭਰਾ ਨੇ ਪੁੱਛਿਆ ਕਿ ਸੱਟ ਦੇ ਨਾਲ ਗੇਂਦਬਾਜ਼ੀ ਕਰ ਸਕੋਗੇ ਤਾਂ ਮੈਂ ਤਿਆਰ ਸੀ : ਸੈਣੀ
Sunday, Jan 24, 2021 - 03:40 PM (IST)
ਨਵੀਂ ਦਿੱਲੀ (ਭਾਸ਼ਾ)– ਗ੍ਰੋਇਨ ਦੀ ਸੱਟ ਦੇ ਕਾਰਣ ਨਵਦੀਪ ਸੈਣੀ ਬ੍ਰਿਸਬੇਨ ਟੈਸਟ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਇੰਨੇ ਵੱਡੇ ਮੌਕੇ ’ਤੇ ਫਿਰ ਖੇਡਣ ਦਾ ਮੌਕਾ ਨਾ ਮਿਲ ਸਕਣ ਦੇ ਡਰ ਨਾਲ ਉਸ ਨੇ ਕਪਤਾਨ ਦੇ ਪੁੱਛਣ ’ਤੇ ਸੱਟ ਦੇ ਬਾਵਜੂਦ 5 ਓਵਰ ਕੀਤੇ। ਸਾਲਾਂ ਤਕ ਇੰਤਜ਼ਾਰ ਤੋਂ ਬਾਅਦ ਆਸਟਰੇਲੀਆ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਵਾਲੇ 28 ਸਾਲਾ ਸੈਣੀ ਨੇ ਕਿਹਾ,, ‘‘ਅਜਿੰਕਿਆ ਭਰਾ ਨੇ ਪੁੱਛਿਆ ਸੀ ਕਿ ਕੀ ਮੈਂ ਸੱਟ ਦੇ ਬਾਵਜੂਦ ਗੇਂਦਬਾਜ਼ੀ ਕਰ ਸਕਦਾ ਹਾਂ, ਮੈਂ ਤਾਂ ਹਾਂ ਹੀ ਕਹਿਣਾ ਸੀ।’’
ਰਿਸ਼ਭ ਪੰਤ ਨੇ ਜਦੋਂ ਗਾਬਾ ਵਿਚ ਜੇਤੂ ਦੌੜ ਬਣਾਈ ਤਾਂ ਦੂਜੇ ਪਾਸੇ ’ਤੇ ਸੈਣੀ ਸੀ। ਸਿਡਨੀ ਵਿਚ ਆਪਣੇ ਪਹਿਲੇ ਟੈਸਟ ਵਿਚ 4 ਵਿਕਟਾਂ ਲੈਣ ਤੋਂ ਬਾਅਦ ਸੈਣੀ ਨੂੰ ਗਾਬਾ ’ਤੇ ਆਸਟਰੇਲੀਆ ਦੀ ਪਹਿਲੀ ਪਾਰੀ ਵਿਚ ਸੱਟ ਲੱਗੀ ਤੇ ਉਹ 7.5 ਓਵਰ ਹੀ ਕਰ ਸਕਿਆ ਸੀ। ਭਾਰਤੀ ਟੀਮ ਇਸ ਤੋਂ ਪਹਿਲਾਂ ਹੀ ਖਿਡਾਰੀਆਂ ਦੀ ਫਿਟਨੈੱਸ ਸਮੱਸਿਆ ਤੋਂ ਪ੍ਰੇਸ਼ਾਨ ਸੀ। ਸੈਣੀ ਨੇ ਕਿਹਾ, ‘‘ਮੈਂ ਠੀਕ ਸੀ ਪਰ ਅਚਾਨਕ ਸੱਟ ਲੱਗ ਗਈ। ਮੈਂ ਸੋਚਿਆ ਕਿ ਇੰਨੇ ਅਹਿਮ ਮੈਚ ਵਿਚ ਸੱਟ ਕਿਉਂ ਲੱਗੀ ਜਦੋਂ ਮੈਨੂੰ ਇੰਨੇ ਸਾਲਾਂ ਬਾਅਦ ਖੇਡਣ ਦਾ ਮੌਕਾ ਮਿਲਿਆ ਸੀ।’’ ਉਸ ਨੇ ਕਿਹਾ, ‘‘ਮੈਂ ਬੱਸ ਇਹ ਹੀ ਚਾਹੁੰਦਾ ਸੀ ਕਿ ਸੱਟ ਦੇ ਬਾਵਜੂਦ ਖੇਡ ਸਕਾਂ। ਇਸ ਤਰ੍ਹਾਂ ਦਾ ਮੌਕਾ ਸ਼ਾਇਦ ਦੋਬਾਰਾ ਕਦੇ ਨਾ ਮਿਲੇ। ਕਪਤਾਨ ਨੇ ਪੁੱਛਿਆ ਕਿ ਕੀ ਮੈਂ ਖੇਡ ਸਕਾਗਾਂ। ਮੈਨੂੰ ਦਰਦ ਸੀ ਪਰ ਮੈਂ ਕਿਹਾ ਕਿ ਮੈਂ ਜੋ ਕਰ ਸਕਾਂਗਾ, ਕਰਾਂਗਾ।’’ ਸੈਣੀ ਨੇ ਕਿਹਾ, ‘‘ਹੁਣ ਮੈਂ ਠੀਕ ਹੋ ਰਿਹਾ ਹਾਂ ਤੇ ਜਲਦ ਹੀ ਫਿੱਟ ਹੋ ਜਾਵਾਂਗਾ।’’
ਇਹ ਵੀ ਪੜ੍ਹੋ: ਪੰਛੀਆਂ ਨੂੰ ਦਾਣਾ ਖੁਆ ਕੇ ਬੁਰੇ ਫਸੇ ਕ੍ਰਿਕਟਰ ਸ਼ਿਖ਼ਰ ਧਵਨ, ਹੋ ਸਕਦੀ ਹੈ ਕਾਰਵਾਈ
ਹੁਣ ਤਕ ਸਿਰਫ਼ 10 ਟੀ-20 ਤੇ 7 ਵਨ ਡੇ ਖੇਡ ਚੁੱਕਾ ਸੈਣੀ ਇੰਗਲੈਂਡ ਵਿਰੁੱਧ 5 ਫਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਵਿਚ ਨਹੀਂ ਹੈ। ਆਪਣੀਆਂ ਚਾਰ ਟੈਸਟ ਵਿਕਟਾਂ ਵਿਚੋਂ ਸਭ ਤੋਂ ਕੀਮਤੀ ਵਿਕਟ ਦੇ ਪੁੱਛਣ ’ਤੇ ਉਸ ਨੇ ਕਿਹਾ, ‘‘ਸਾਰੀਆਂ ਵਿਕਟਾਂ ਖਾਸ ਹਨ ਪਰ ਪਹਿਲੀ ਵਿਕਟ ਕਦੇ ਨਹੀਂ ਭੁੱਲ ਸਕਦਾ। ਜਦੋਂ ਤਕ ਉਹ ਨਹੀਂ ਮਿਲ ਜਾਂਦੀ, ਤੁਸੀਂ ਪਹਿਲੀ ਵਿਕਟ ਦੇ ਬਾਰੇ ਵਿਚ ਹੀ ਸੋਚਦੇ ਰਹਿੰਦੇ ਹੋ।’’
ਇਹ ਵੀ ਪੜ੍ਹੋ: ਪਿਤਾ ਸਿੰਘੂ ਸਰਹੱਦ ’ਤੇ ਦੇ ਰਹੇ ਹਨ ਧਰਨਾ, ਇੱਧਰ ਪੁੱਤਰ ਨੇ ਕੁਸ਼ਤੀ ’ਚ ਜਿੱਤਿਆ ਸੋਨੇ ਦਾ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।