ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਕੱਲ ਮਨਾਉਣਗੇ ਆਪਣਾ 80ਵਾਂ ਜਨਮਦਿਨ

Thursday, Oct 22, 2020 - 05:30 PM (IST)

ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਕੱਲ ਮਨਾਉਣਗੇ ਆਪਣਾ 80ਵਾਂ ਜਨਮਦਿਨ

ਸਾਓ ਪਾਉਲੋ (ਭਾਸ਼ਾ) : ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਸ਼ੁੱਕਰਵਾਰ ਨੂੰ ਆਪਣਾ 80ਵਾਂ ਜਨਮਦਿਨ ਮਨਾਉਣਗੇ ਪਰ ਉਹ ਕੋਈ ਵੱਡਾ ਜਸ਼ਨ ਨਹੀਂ ਮਨਾ ਰਹੇ ਹਨ। ਤਿੰਨ ਵਾਰ ਬ੍ਰਾਜ਼ੀਲ ਦੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਪੇਲੇ ਸਾਓ ਪਾਉਲੋ ਦੇ ਬਾਹਰ ਆਪਣੇ ਪਰਿਵਾਰ ਦੇ ਕੁੱਝ ਮੈਬਰਾਂ ਨਾਲ ਇਕੱਲੇ ਦਿਨ ਬਿਤਾਉਣਗੇ। ਉਨ੍ਹਾਂ ਨੂੰ ਖਿਡਾਰੀਆਂ, ਪ੍ਰਸ਼ੰਸਕਾਂ, ਸੈਲੀਬ੍ਰਿਟੀਜ਼ ਅਤੇ ਰਾਜਨੇਤਾਵਾਂ ਤੋਂ ਵਧਾਈਆਂ ਮਿਲਣ ਦੀ ਉਮੀਦ ਹੈ। ਲੰਬੇ ਸਮੇਂ ਤੋਂ ਪੇਲੇ  ਦੇ ਬੁਲਾਰੇ ਪੇਪਿਤੋ ਫੋਰਨੋਸ ਨੇ ਕਿਹਾ ਕਿ ਪੇਲੇ ਦੇ ਸਾਓ ਪਾਉਲੋ ਦੇ ਤਟ ਦੇ ਨੇੜੇ ਗੁਆਰੁਜਾ ਸ਼ਹਿਰ ਦੇ ਆਪਣੇ ਬੰਗਲੇ ਵਿਚ ਜਨਮਦਿਨ ਮਨਾਉਣ ਦੀ ਉਮੀਦ ਹੈ।

ਸਾਂਤੋਸ ਅਤੇ ਸਾਓ ਪਾਉਲੋ ਵਿਚ ਵੀ ਪੇਲੇ ਦੇ ਘਰ ਹਨ। ਫੋਰਨੋਸ ਨੇ ਕਿਹਾ, 'ਉਹ ਸਿਰਫ਼ ਆਪਣੇ ਪਰਿਵਾਰ ਨਾਲ ਰਹਿਣਗੇ। ਕੋਈ ਪਾਰਟੀ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੇ ਜੀਵਨ ਵਿਚ ਹਮੇਸ਼ਾ ਅਜਿਹਾ ਹੀ ਕੀਤਾ ਹੈ।' ਫੋਰਨੋਸ ਨੇ ਕਿਹਾ ਕਿ 1958, 1962 ਅਤੇ 1970 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਬ੍ਰਾਜ਼ੀਲ ਦੀ ਟੀਮ ਦੇ ਮੈਂਬਰ ਰਹੇ ਪੇਲੇ ਜਨਤਕ ਤੌਰ 'ਤੇ ਕੁੱਝ ਨਹੀਂ ਬੋਲਣਗੇ, ਕਿਉਂਕਿ ਉਹ ਹੁਣ ਵੀ ਆਪਣੇ ਭਰਾ ਜੇਅਰ ਦੇ ਦਿਹਾਂਤ ਦਾ ਸੋਗ ਮਨਾ ਰਹੇ ਹਨ। ਮਾਰਚ ਵਿਚ ਕੈਂਸਰ ਕਾਰਨ ਜੇਅਰ ਦਾ ਦਿਹਾਂਤ ਹੋ ਗਿਆ ਸੀ।


author

cherry

Content Editor

Related News