ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਪੇਸ਼ੇਵਰ ਮੁੱਕੇਬਾਜ਼ੀ 'ਚ ਵਾਪਸੀ, ਇਸ ਮਹੀਨੇ ਉਤਰਨਗੇ ਰਿੰਗ 'ਚ
Wednesday, Jun 22, 2022 - 02:05 PM (IST)
ਰਾਏਪੁਰ- ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦੇਸ਼ ਵਿਚ ਆਪਣੇ ਛੇਵੇਂ ਪੇਸ਼ੇਵਰ ਮੈਚ ਨਾਲ ਰਿੰਗ ਵਿਚ ਵਾਪਸੀ ਕਰਦੇ ਹੋਏ ਨਜ਼ਰ ਆਉਣਗੇ। ਉਹ ਅਗਸਤ ਵਿਚ 'ਰਮਬਲ ਇਨ ਦ ਜੰਗਲ' ਮੁਕਾਬਲੇ ਵਿਚ ਉਤਰਨਗੇ।
ਸਾਲ 2008 ਵਿਚ ਕਾਂਸੀ ਦੇ ਤਮਗ਼ੇ ਨਾਲ ਓਲੰਪਿਕ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ 36 ਸਾਲ ਦੇ ਵਿਜੇਂਦਰ ਨੇ 2015 ਵਿਚ ਪੇਸ਼ੇਵਰ ਬਣਨ ਤੋਂ ਬਾਅਦ ਅੱਠ ਨਾਕਆਊਟ ਸਮੇਤ 12 ਮੁਕਾਬਲੇ ਜਿੱਤੇ ਹਨ ਜਦਕਿ ਇਕ ਮੈਚ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁਰੂਆਤੀ 12 ਮੁਕਾਬਲਿਆਂ ਵਿਚ ਅਜੇਤੂ ਰਹਿਣ ਦੀ ਵਿਜੇਂਦਰ ਦੀ ਮੁਹਿੰਮ ਗੋਆ ਵਿਚ ਪਿਛਲੇ ਮੈਚ ਵਿਚ ਟੁੱਟ ਗਈ ਸੀ।
ਹੁਣ ਹੋਣ ਵਾਲਾ ਮੁਕਾਬਲਾ ਰਾਏਪੁਰ ਵਿਚ ਪਹਿਲਾ ਪੇਸ਼ੇਵਰ ਮੁੱਕੇਬਾਜ਼ੀ ਮੁਕਾਬਲਾ ਹੋਵੇਗਾ। ਵਿਜੇਂਦਰ ਨੇ ਕਿਹਾ ਕਿ ਇਹ ਸੂਬੇ ਦੇ ਲੋਕਾਂ ਦੇ ਸਾਹਮਣੇ ਇਸ ਖੇਡ ਨੂੰ ਪੇਸ਼ ਕਰਨ ਦਾ ਸ਼ਾਨਦਾਰ ਮੌਕਾ ਹੈ ਤੇ ਉਮੀਦ ਕਰਦਾ ਹਾਂ ਕਿ ਇਸ ਨਾਲ ਨਵੀਂ ਪੀੜ੍ਹੀ ਦੇ ਮੁੱਕੇਬਾਜ਼ ਪ੍ਰੇਰਿਤ ਹੋਣਗੇ। ਮੈਂ ਮਾਨਚੈਸਟਰ ਵਿਚ ਟ੍ਰੇਨਿੰਗ ਲੈ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਕਿ ਅਗਸਤ ਵਿਚ ਅਜੇਤੂ ਮੁਹਿੰਮ ਦੁਬਾਰਾ ਸ਼ੁਰੂ ਕਰਾਂਗਾ।
ਛੱਤੀਸਗੜ੍ਹ ਦੇ ਮੁੱਖਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਛੱਤੀਸਗੜ੍ਹ ਸੂਬੇ ਦੀ ਮੌਜੂਦਾ ਤੇ ਅਗਲੀ ਪੀੜ੍ਹੀ ਲਈ ਖੇਡਾਂ ਨੂੰ ਉਤਸ਼ਾਹਤ ਕਰਨਾ ਬੇਹੱਦ ਮਹੱਤਵਪੂਰਨ ਹੈ। ਓਲੰਪਿਕ 'ਚ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣ ਵਾਲੇ ਵਿਜੇਂਦਰ ਸਿੰਘ ਦੇ ਦਰਜੇ ਦੇ ਖਿਡਾਰੀ ਦੇ ਆਉਣ ਨਾਲ ਸੂਬੇ ਦੇ ਯੁਵਾ ਖਿਡਾਰੀ ਪ੍ਰੇਰਿਤ ਹੋਣਗੇ। ਬਲਬੀਰ ਸਿੰਘ ਜੁਨੇਜਾ ਇੰਡੋਰ ਸਟੇਡੀਅਮ 'ਚ ਹੋਣ ਵਾਲੇ ਵਜਿੰਦਰ ਦੇ ਇਸ ਪੇਸ਼ੇਵਰ ਮੁਕਾਬਲੇ ਦੇ ਦੌਰਾਨ ਕੁਝ ਹੋਰ ਮੁਕਾਲੇਬਾਜ਼ਾਂ ਦੇ ਮੁਕਾਬਲੇ ਵੀ ਹੋਣਗੇ।