Border-Gavaskar Trophy: ਟੀਮ ਇੰਡੀਆ ਨੂੰ ਲੱਗਾ ਝਟਕਾ, ਸ਼ੁਭਮਨ ਗਿੱਲ ਹੋਏ ਜ਼ਖਮੀ

Saturday, Nov 16, 2024 - 06:27 PM (IST)

ਪਰਥ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼ੁੱਕਰਵਾਰ 22 ਨਵੰਬਰ ਤੋਂ ਪੰਜ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਖੇਡੀ ਜਾਣੀ ਹੈ। ਟੀਮ ਇੰਡੀਆ ਇਸ ਸੀਰੀਜ਼ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ। ਪਰਥ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ ਆ ਰਹੀ ਹੈ। ਭਾਰਤੀ ਟੀਮ ਦੇ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਲੈ ਕੇ ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ। ਪਰਥ 'ਚ ਭਾਰਤ-ਏ ਖਿਲਾਫ ਅਭਿਆਸ ਮੈਚ ਦੌਰਾਨ ਗਿੱਲ ਜ਼ਖਮੀ ਹੋ ਗਿਆ ।

ਮੀਡੀਆ ਰਿਪੋਰਟਾਂ ਮੁਤਾਬਕ ਗਿੱਲ ਦੀਆਂ ਉਂਗਲਾਂ 'ਤੇ ਸੱਟ ਲੱਗੀ ਹੈ। ਉਸ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਸਲਿੱਪ 'ਚ ਫੀਲਡਿੰਗ ਕਰ ਰਹੇ ਸਨ। ਸੱਟ ਤੋਂ ਬਾਅਦ ਇਹ ਤੈਅ ਨਹੀਂ ਹੈ ਕਿ ਗਿੱਲ 22 ਨਵੰਬਰ ਤੋਂ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ 'ਚ ਖੇਡਣਗੇ। ਗਿੱਲ ਹੁਣ ਦੂਜੇ ਟੈਸਟ 'ਚ ਵਾਪਸੀ ਕਰ ਸਕਦੇ ਹਨ।

ਸੱਜੇ ਹੱਥ ਦਾ ਬੱਲੇਬਾਜ਼ ਗਿੱਲ ਭਾਰਤੀ ਟੀਮ ਦਾ ਅਹਿਮ ਮੈਂਬਰ ਹੈ ਅਤੇ ਉਸ ਦੀ ਸੱਟ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਵਿੱਚ ਪਲੇਇੰਗ ਇਲੈਵਨ ਦੀ ਸਥਿਤੀ ਨੂੰ ਬਦਲ ਦੇਵੇਗੀ। ਸਰਫਰਾਜ਼ ਖਾਨ ਅਤੇ ਕੇਐੱਲ ਰਾਹੁਲ ਪਹਿਲਾਂ ਹੀ ਜ਼ਖਮੀ ਹਨ। ਅਜਿਹੇ 'ਚ ਗਿੱਲ ਦੀ ਸੱਟ ਟੀਮ ਇੰਡੀਆ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ।

ਖਬਰਾਂ ਮੁਤਾਬਕ ਇੱਕ ਨਜ਼ਦੀਕੀ ਸੂਤਰ ਨੇ ਗਿੱਲ ਦੇ ਸੱਟ ਦੀ ਪੁਸ਼ਟੀ ਕੀਤੀ, ਪਰ ਕਿਹਾ ਕਿ ਪਰਥ ਵਿੱਚ ਸ਼ੁਰੂਆਤੀ ਟੈਸਟ ਤੋਂ ਬਾਹਰ ਹੋਣਾ ਬਹੁਤ ਜਲਦਬਾਜ਼ੀ ਹੋਵੇਗੀ। ਸੂਤਰ ਨੇ ਕਿਹਾ, ਸ਼ੁਭਮਨ ਗਿੱਲ ਜ਼ਖਮੀ ਹੈ, ਪਰ ਉਸ ਨੂੰ ਸ਼ੁਰੂਆਤੀ ਟੈਸਟ ਤੋਂ ਬਾਹਰ ਕਰਨਾ ਜਲਦਬਾਜ਼ੀ ਹੋਵੇਗੀ, ਮੈਡੀਕਲ ਟੀਮ ਉਸ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਸ਼ੁਭਮਨ ਗਿੱਲ ਦੀ ਸੱਟ ਤੋਂ ਪਹਿਲਾਂ ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਵੀ ਜ਼ਖਮੀ ਹੋ ਗਏ ਸਨ, ਹਾਲਾਂਕਿ ਕੋਹਲੀ ਹੁਣ ਪੂਰੀ ਤਰ੍ਹਾਂ ਫਿੱਟ ਹਨ। ਸੂਤਰ ਨੇ ਕਿਹਾ, ਵਿਰਾਟ ਕੋਹਲੀ ਬਿਲਕੁਲ ਠੀਕ ਹੈ, ਉਸਨੇ ਮੈਚ ਸਿਮੂਲੇਸ਼ਨ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਬੱਲੇਬਾਜ਼ੀ ਕੀਤੀ ਅਤੇ ਆਊਟ ਹੋਣ ਤੋਂ ਬਾਅਦ ਨੈੱਟ 'ਤੇ ਵੀ ਹਿੱਟ ਕੀਤਾ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। 


Tarsem Singh

Content Editor

Related News