ਬੋਪੰਨਾ ਪੈਰਿਸ ਓਲੰਪਿਕ ’ਚ ਬਾਲਾਜੀ ਨਾਲ ਜੋੜੀ ਬਣਾਵੇਗਾ : AITA
Friday, Jun 14, 2024 - 10:42 AM (IST)
ਨਵੀਂ ਦਿੱਲੀ- ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏ. ਆਈ. ਟੀ. ਏ.) ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਰੋਹਨ ਬੋਪੰਨਾ ਪੈਰਿਸ ਓਲੰਪਿਕ ’ਚ ਪੁਰਸ਼ ਡਬਲ ਮੁਕਾਬਲੇ ’ਚ ਐੱਨ. ਸ਼੍ਰੀਰਾਮ ਬਾਲਾਜੀ ਨਾਲ ਜੋੜੀ ਬਣਾਵੇਗਾ। 44 ਸਾਲਾ ਬੋਪੰਨਾ ਨੇ ਇਨ੍ਹਾਂ ਖੇਡਾਂ ਲਈ ਬਾਲਾਜੀ ਨੂੰ ਆਪਣੇ ਸਾਥੀ ਵਜੋਂ ਚੁਣਿਆ ਹੈ। ਏ. ਆਈ. ਟੀ. ਏ. ਨੇ ਇੱਥੇ ਜਾਰੀ ਇਸ਼ਤਿਹਾਰ ’ਚ ਕਿਹਾ,‘‘ਆਲ ਇੰਡੀਆ ਟੈਨਿਸ ਐਸੋਸੀਏਸ਼ਨ ਇਹ ਐਲਾਨ ਕਰਦੇ ਹੋਏ ਕਿਹਾ ਕਿ ਰੋਮਾਂਚਕ ਹੈ ਕਿ ਰੋਹਨ ਬੋਪੰਨਾ ਅਤੇ ਐੱਨ. ਸ਼੍ਰੀਰਾਮ ਬਾਲਾਜੀ ਨੇ ਟੈਨਿਸ ਡਬਲ ਮੁਕਾਬਲੇ ’ਚ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਲਿਆ ਹੈ। ਓਲੰਪਿਕ ਲਈ ਉਨ੍ਹਾਂ ਦੀ ਯਾਤਰਾ ਭਾਰਤੀ ਟੈਨਿਸ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਹ ਫੈਸਲਾ ਸਾਬਕਾ ਡੈਵਿਸ ਕੱਪ ਕਪਤਾਨ ਨੰਦਨ ਬਲ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਬੈਠਕ ’ਚ ਕੀਤਾ ਗਿਆ। ਭਾਰਤ ਦੇ ਨੰਬਰ 2 ਡਬਲ ਖਿਡਾਰੀ ਯੁਕੀ ਭਾਂਬਰੀ ਵੀ ਦਾਅਵੇਦਾਰ ਸੀ ਪਰ ਏ. ਆਈ. ਟੀ. ਏ. ਸੂਤਰਾਂ ਅਨੁਸਾਰ ਕੋਰਟ ’ਤੇ ਤੇਜ਼ੀ ਨਾਲ ਅੱਗੇ ਵਧਣ ਦੀ ਬਾਲਾ ਜੀ ਦੀ ਸਮਰੱਥਾ ਨੇ ਉਸ ਦੇ ਪੱਖ ’ਚ ਕੰਮ ਕੀਤਾ। ਬੈਂਗਲੁਰੂ ’ਚ ਬੋਪੰਨਾ ਸਪੋਰਟਸ ਸਕੂਲ ਨਾਲ ਜੁੜੇ ਬਾਲਾਚੰਦਰ ਮਣਿਕਕੱਥ ਕੋਚ ਦੇ ਰੂਪ ’ਚ ਟੀਮ ਨਾਲ ਯਾਤਰਾ ਕਰੇਗਾ, ਜਦੋਂਕਿ ਰੇਬੇਕਾ ਵਾਨ ਆਰਸ਼ੇਗੇਨ ਫਿਜ਼ੀਓਥੈਰੇਪਿਸਟ ਹੋਵੇਗੀ।