ਉਮੀਦ ਹੈ ਕਿ ਹੁਣ ਕਿਸ਼ਤੀ ਮੁਕਾਬਲਿਆਂ ਨੂੰ ਸਨਮਾਨ ਅਤੇ ਤਵੱਜੋ ਮਿਲੇਗੀ : ਕੋਚ ਬੇਗ
Friday, Aug 24, 2018 - 03:20 PM (IST)
ਨਵੀਂ ਦਿੱਲੀ— ਪਿਛਲੇ 18 ਸਾਲਾਂ ਤੋਂ ਕਿਸ਼ਤੀ ਮੁਕਾਬਲੇ 'ਚ ਚੈਂਪੀਅਨ ਤਿਆਰ ਕਰ ਰਹੇ ਕੋਚ ਇਸਮਾਈਲ ਬੇਗ ਨੁੰ ਦੁਖ ਹੈ ਕਿ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਇਸ ਖੇਡ ਨੂੰ ਅਤੇ ਖਿਡਾਰੀਆਂ ਨੂੰ ਅਜੇ ਤੱਕ ਭਾਰਤ 'ਚ ਉਹ ਸਨਮਾਨ ਅਤੇ ਤਵੱਜੋ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਹਨ। ਇੰਡੋਨੇਸ਼ੀਆ 'ਚ ਚਲ ਰਹੀਆਂ ਏਸ਼ੀਆਈ ਖੇਡਾਂ 2018 'ਚ ਭਾਰਤੀ ਰੋਅਰਸ ਨੇ ਮਿਕਸਡ ਸਕਲਸ 'ਚ ਇਤਿਹਾਸਕ ਸੋਨ ਅਤੇ ਸਿੰਗਲ ਸਕਲਸ ਚਾਂਦੀ ਅਤੇ ਡਬਲਜ਼ ਸਕਲਸ 'ਚ ਕਾਂਸੀ ਤਮਗੇ ਜਿੱਤੇ।
ਇਸ ਤੋਂ ਪਹਿਲਾਂ 2010 'ਚ ਗਵਾਂਗਝੂ ਏਸ਼ੀਆਈ ਖੇਡਾਂ 'ਚ ਬਜਰੰਗ ਲਾਲ ਤਾਖੜ ਨੇ ਸੋਨ ਤਮਗਾ ਜਿੱਤ ਕੇ ਕਿਸ਼ਤੀ ਮੁਕਾਬਲਿਆਂ ਨੂੰ ਸੁਰਖੀਆਂ 'ਚ ਜਗ੍ਹਾ ਦਿਵਾਈ ਸੀ। ਦ੍ਰੋਣਾਚਾਰਿਆ ਪੁਰਸਕਾਰ ਪ੍ਰਾਪਤ ਬੇਗ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨ ਦੇ ਬਾਅਦ ਸਾਡੇ ਖੇਡ ਨੂੰ ਵੀ ਅਖ਼ਬਾਰਾਂ 'ਚ ਜਗ੍ਹਾ ਮਿਲੇਗੀ। ਸਾਨੂੰ ਬਹੁਤ ਨਿਰਾਸ਼ਾ ਹੁੰਦੀ ਹੈ ਜਦੋਂ ਸਧਾਰਨ ਪਰਿਵਾਰਾਂ ਤੋਂ ਆਏ ਸਾਡੇ ਖਿਡਾਰੀ ਇੰਨੀ ਮਿਹਨਤ ਕਰਕੇ ਤਮਗੇ ਜਿੱਤਦੇ ਹਨ ਅਤੇ ਉਨ੍ਹਾਂ ਨੂੰ ਉਹ ਸਨਮਾਨ ਅਤੇ ਤਵੱਜੋ ਨਹੀਂ ਮਿਲਦੀ ਜੋ ਕਿ ਬਾਕੀ ਖੇਡਾਂ ਨੂੰ ਮਿਲਦੀ ਹੈ। ਤਮਗਾ ਤਾਂ ਤਮਗਾ ਹੀ ਹੁੰਦਾ ਹੈ।''

ਉਨ੍ਹਾਂ ਕਿਹਾ ਕਿ ਤਮਗਾ ਜਿੱਤਣ ਦੇ ਥੋੜ੍ਹੇ ਦਿਨ ਬਾਅਦ ਲੋਕ ਕਿਸ਼ਤੀ ਮੁਕਾਬਲੇ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ, ''2010 'ਚ ਵੀ ਤਾਖੜ ਦੇ ਤਮਗਾ ਜਿੱਤਣ ਦੇ ਬਾਅਦ ਕੁਝ ਦਿਨਾਂ ਤਕ ਕਿਸ਼ਤੀ ਮੁਕਾਬਲੇ 'ਤੇ ਧਿਆਨ ਰਿਹਾ ਪਰ ਬਾਅਦ 'ਚ ਲੋਕ ਭੁੱਲ ਗਏ। ਇਹ ਬਹੁਤ ਨਿਰਾਸ਼ਾਜਨਕ ਹੈ।'' ਕਿਸ਼ਤੀ ਮੁਕਾਬਲੇ ਦੇ ਖਿਡਾਰੀ ਅਕਸਰ ਦੇਸ਼ 'ਚ ਟ੍ਰੇਨਿੰਗ ਲਈ ਚੰਗੇ ਕੇਂਦਰਾਂ ਦੀ ਕਮੀ ਦੀ ਸ਼ਿਕਾਇਤ ਕਰਦੇ ਹਨ। ਇਸ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਮੈਂ ਇਹ ਨਹੀਂ ਕਹਾਂਗਾ ਕਿ ਸਾਡੇ ਕੋਲ ਸਰਵਸ੍ਰੇਸ਼ਠ ਸਹੂਲਤਾਂ ਹਨ। ਹੈਦਰਾਬਾਦ, ਪੁਣੇ ਜਾਂ ਭੋਪਾਲ ਤੱਕ ਹੀ ਕੇਂਦਰ ਮਿਸਟੇ ਹਨ ਜਦਕਿ ਪੂਰੇ ਦੇਸ਼ 'ਚ 10-15 ਟ੍ਰੇਨਿੰਗ ਕੇਂਦਰ ਹੋਣੇ ਚਾਹੀਦੇ ਹਨ ਤਾਂ ਜੋ ਰੋਅਰਸ ਦਾ ਚੰਗਾ ਪੂਲ ਤਿਆਰ ਹੋ ਸਕੇ।''
