ਘਰੇਲੂ ਟੂਰਨਾਮੈਂਟ ਮੁਲਤਵੀ ਹੋਣ ਮਗਰੋਂ ਸੌਰਵ ਗਾਂਗੁਲੀ ਨੇ ਕਿਹਾ, ਬੋਰਡ ਸੋਧੀ ਹੋਈ ਯੋਜਨਾ ਬਣਾਏਗਾ

Thursday, Jan 06, 2022 - 02:07 PM (IST)

ਘਰੇਲੂ ਟੂਰਨਾਮੈਂਟ ਮੁਲਤਵੀ ਹੋਣ ਮਗਰੋਂ ਸੌਰਵ ਗਾਂਗੁਲੀ ਨੇ ਕਿਹਾ, ਬੋਰਡ ਸੋਧੀ ਹੋਈ ਯੋਜਨਾ ਬਣਾਏਗਾ

ਮੁੰਬਈ (ਭਾਸ਼ਾ) : ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੂਬਾ ਇਕਾਈਆਂ ਨੂੰ ਭਰੋਸਾ ਦਿੱਤਾ ਹੈ ਕਿ ਬੋਰਡ ‘ਕੋਵਿਡ-19 ਦੇ ਵਧਣ ਨਾਲ ਪੈਦਾ ਹੋਏ ਹਾਲਾਤਾਂ ਦੇ ਕੰਟਰੋਲ ਵਿਚ ਆਉਣ ਦੇ ਬਾਅਦ ਘਰੇਲੂ ਸੀਜ਼ਨ ਨੂੰ ਮੁੜ ਸ਼ੁਰੂ ਕਰਨ ਲਈ ਸਭ ਕੁੱਝ ਕਰੇਗਾ।’ ਦੇਸ਼ ਭਰ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਬੀ.ਸੀ.ਸੀ.ਆਈ. ਨੂੰ ਮੰਗਲਵਾਰ ਨੂੰ ਰਣਜੀ ਟਰਾਫੀ ਸਮੇਤ ਕੁੱਝ ਵੱਡੇ ਟੂਰਨਾਮੈਂਟ ਨੂੰ ਮੁਲਤਵੀ ਕਰਨ ਲਈ ਮਜ਼ਬੂਰ ਹੋਣਾ ਪਿਆ। ਰਣਜੀ ਟਰਾਫੀ ਇਸ ਮਹੀਨੇ ਦੇ ਅੰਤ ਵਿਚ ਸ਼ੁਰੂ ਹੋਣੀ ਸੀ। ਗਾਂਗੁਲੀ ਨੇ ਸੂਬਾ ਐਸੋਸੀਏਸ਼ਨਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ, ‘ਤੁਸੀਂ ਇਸ ਗੱਲ ਤੋਂ ਵਾਕਿਫ ਹੋ ਕਿ ਸਾਨੂੰ ਕੋਵਿਡ-19 ਦੀ ਸਥਿਤੀ ਵਿਗੜਨ ਕਾਰਨ ਮੌਜੂਦਾ ਘਰੇਲੂ ਸੀਜ਼ਨ ਨੂੰ ਰੋਕਣਾ ਪਿਆ।’

ਰਣਜੀ ਟਰਾਫੀ ਅਤੇ ਸੀਕੇ ਨਾਇਡੂ ਟਰਾਫੀ ਇਸ ਮਹੀਨੇ ਸ਼ੁਰੂ ਹੋਣੀ ਸੀ, ਜਦੋਂਕਿ ਸੀਨੀਅਰ ਮਹਿਲਾ ਟੀ20 ਲੀਗ ਫਰਵਰੀ ਵਿਚ ਆਯੋਜਿਤ ਹੋਣੀ ਸੀ। ਗਾਂਗੁਲੀ ਨੇ ਸਾਰੀਆਂ ਸੂਬਾ ਇਕਾਈਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਭੇਜੀ ਮੇਲ ਵਿਚ ਕਿਹਾ, ‘ਕੋਵਿਡ-19 ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਕਈ ਟੀਮਾਂ ਵਿਚ ਕਈ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਇਸ ਨਾਲ ਖਿਡਾਰੀਆਂ, ਅਧਿਕਾਰੀਆਂ ਅਤੇ ਟੂਰਨਾਮੈਂਟ ਨੂੰ ਚਲਾਉਣ ਨਾਲ ਸਬੰਧ ਹੋਰ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਹੋ ਗਿਆ।’ ਗਾਂਗੁਲੀ ਨੇ ਕਿਹਾ, ‘ਅਸੀਂ ਇਸ ਸੀਜ਼ਨ ਦੇ ਬਚੇ ਹੋਏ ਟੂਰਨਾਮੈਂਟ ਆਯੋਜਿਤ ਕਰਨ ਲਈ ਵਚਨਬੱਧ ਹਾਂ। ਬੋਰਡ ਸੋਧੀ ਹੋਈ ਯੋਜਨਾ ਦੇ ਨਾਲ ਜਲਦ ਹੀ ਤੁਹਾਡੇ ਕੋਲ ਵਾਪਸ ਆਏਗਾ।’ ਉਨ੍ਹਾਂ ਕਿਹਾ, ‘ਮੈਂ ਤੁਹਾਡੇ ਸਹਿਯੋਗ ਅਤੇ ਹਾਲਾਤਾਂ ਨੂੰ ਸਮਝਣ ਲਈ ਤੁਹਾਡਾ ਧੰਨਵਾਦੀ ਹਾਂ। ਆਪਣਾ ਖਿਆਲ ਰੱਖੋ ਅਤੇ ਸੁਰੱਖਿਅਤ ਅਤੇ ਸਿਹਤਮੰਦ ਰਹੋ।’
 


author

cherry

Content Editor

Related News