ਬੇਦੀ ਨੂੰ ਸਟੈਂਡ ’ਚੋਂ ਨਾਂ ਹਟਾਉਣ ਦੀ ਮੰਗ ਵਾਪਸ ਲੈਣ ਦੀ ਅਪੀਲ ਕਰਾਂਗਾ : ਰੋਹਨ ਜੇਤਲੀ

12/29/2020 1:34:02 AM

ਨਵੀਂ ਦਿੱਲੀ– ਬਿਸ਼ਨ ਸਿੰਘ ਬੇਦੀ ਨੂੰ ਦਿੱਲੀ ਕ੍ਰਿਕਟ ਦਾ ‘ਭੀਸ਼ਮ ਪਿਤਾਮਾਹ’ ਦੱਸਦੇ ਹੋਏ ਡੀ. ਡੀ. ਸੀ. ਏ. ਮੁਖੀ ਰੋਹਨ ਜੇਤਲੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਫਿਰਜ਼ੋਸ਼ਾਹ ਕੋਟਲਾ ਮੈਦਾਨ ਦੇ ਸਟੈਂਡ ਵਿਚੋਂ ਨਾਂ ਹਟਾਉਣ ਦੀ ਉਸਦੀ ਮੰਗ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ।
ਕਿਸੇ ਪ੍ਰੇਰਣਾ ਸਰੋਤ ਖਿਡਾਰੀ ਦੀ ਬਜਾਏ ਅਧਿਕਾਰੀ ਦੀ ਮੂਰਤੀ ਲਾਉਣ ਤੋਂ ਨਾਰਾਜ਼ ਬੇਦੀ ਨੇ ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੂੰ ਵਿਵਾਦਾਂ ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਦੱਸਦੇ ਹੋਏ ਕੋਟਲਾ ਸਟੈਂਡ ’ਚੋਂ ਆਪਣਾ ਨਾਂ ਹਟਾਉਣ ਦੀ ਮੰਗ ਕੀਤੀ ਸੀ। ਹਾਲ ਹੀ ਵਿਚ ਡੀ. ਡੀ. ਸੀ. ਏ. ਮੁਖੀ ਬਣੇ ਰੋਹਨ ਨੇ ਕਿਹਾ ਕਿ ਚੰਗਾ ਹੁੰਦਾ ਕਿ ਬੇਦੀ ਉਸਦੇ ਸਵ. ਪਿਤਾ ਦੇ ਬਾਰੇ ਵਿਚ ਇਤਰਾਜ਼ਯੋਗ ਟਿੱਪਣੀ ਕਰਨ ਦੀ ਬਜਾਏ ਨਿੱਜੀ ਤੌਰ ’ਤੇ ਇਸ ਮਾਮਲੇ ’ਤੇ ਉਸ ਨਾਲ ਗੱਲ ਕਰਦੇ।
ਰੋਹਨ ਨੇ ਕਿਹਾ,‘‘ਮੈਂ ਨੌਜਵਾਨ ਹਾਂ ਤੇ ਮੈਂ ਕ੍ਰਿਕਟ ਜਗਤ ਦੇ ਸੀਨੀਅਰਾਂ ਤੋਂ ਮਾਰਗਦਰਸ਼ਨ ਦੀ ਉਮੀਦ ਕਰਦਾ ਹਾਂ। ਸਟੈਂਡ ’ਤੇ ਉਨ੍ਹਾਂ ਦਾ ਨਾਂ ਉਨ੍ਹਾਂ ਦੀ ਵਿਰਾਸਤ ਹੈ, ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ।’’ ਉਸਨੇ ਕਿਹਾ,‘‘ਇਨ੍ਹਾਂ ਮਾਮਲਿਆਂ ’ਤੇ ਫੈਸਲਾ ਚੋਟੀ ਪ੍ਰੀਸ਼ਦ ਲੈਂਦੀ ਹੈ। ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ। ਮੈਂ ਕਿਸੇ ਦਾ ਨਾਂ ਨਹੀਂ ਹਟਾ ਸਕਦਾ। ਅਸੀਂ ਡੀ. ਡੀ. ਸੀ. ਏ. ਵਿਚ ਇਸ ’ਤੇ ਗੱਲ ਕੀਤੀ। ਅਸੀਂ ਉਨ੍ਹਾਂ ਨੂੰ ਇਹ ਮੰਗ ਵਾਪਸ ਲੈਣ ਦੀ ਬੇਨਤੀ ਕਰਾਂਗੇ। ਡੀ. ਡੀ. ਸੀ. ਏ. ਤੇ ਬੇਦੀ ਜੀ ਦਾ ਲੰਬਾ ਸਾਥ ਰਿਹਾ ਹੈ।’’
ਇਹ ਪੁੱਛਣ ’ਤੇ ਕਿ ਬੇਦੀ ਦਾ ਨਾਂ ਕੋਟਲਾ ਸਟੈਂਡ ’ਤੇ ਰਹਿਣ ਨਾਲ ਕੀ ਡੀ. ਡੀ. ਸੀ. ਏ. ਨੂੰ ਫਰਕ ਪੈਂਦਾ ਹੈ, ਉਸ ਨੇ ਹਾਂ ਵਿਚ ਜਵਾਬ ਦਿੱਤਾ। ਉਸ ਨੇ ਕਿਹਾ,‘‘ਫਰਕ ਪੈਂਦਾ ਹੈ। ਮੈਂ ਚਾਹੁੰਦਾ ਹਾਂ ਕਿ ਉਸਦਾ ਨਾਂ ਉਥੇ ਰਹੇ। ਮੈਂ ਆਪਣੇ ਪਿਤਾ ਦੀ ਤਰ੍ਹਾਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਉਹ ਮੈਨੂੰ ਡਾਂਟਣਾ ਚਾਹੁਣ ਤਾਂ ਮੇਰੇ ਕੰਨ ਖਿੱਚ ਸਕਦੇ ਹਨ ਪਰ ਇਤਰਾਜ਼ਯੋਗ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਦੀ ਲੋੜ ਨਹੀਂ ਹੈ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News