ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ ''ਹਿੱਟਮੈਨ'' ਦੀ ਵਾਪਸੀ ਦਾ ਪੂਰਾ ਪਲਾਨ
Friday, Apr 17, 2026 - 03:58 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਮੁੱਖ ਕੋਚ ਮਾਹਿਲਾ ਜੈਵਰਧਨੇ ਨੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੀ ਇੰਜਰੀ ਬਾਰੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਵਿਰੁੱਧ ਮੈਚ ਦੌਰਾਨ ਰੋਹਿਤ ਸ਼ਰਮਾ ਸੱਟ ਕਾਰਨ ਬਾਹਰ ਸਨ ਅਤੇ ਮੁੰਬਈ ਨੂੰ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਕੋਚ ਜੈਵਰਧਨੇ ਨੇ ਸਪੱਸ਼ਟ ਕੀਤਾ ਕਿ ਟੀਮ ਪ੍ਰਬੰਧਨ ਰੋਹਿਤ 'ਤੇ ਜ਼ਿਆਦਾ ਦਬਾਅ ਨਹੀਂ ਪਾਉਣਾ ਚਾਹੁੰਦਾ ਕਿਉਂਕਿ ਟੂਰਨਾਮੈਂਟ ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਨੇ ਬੁੱਧਵਾਰ ਤੋਂ ਦੌੜਨਾ ਅਤੇ ਬੱਲੇਬਾਜ਼ੀ ਕਰਨਾ ਸ਼ੁਰੂ ਕਰ ਦਿੱਤਾ ਹੈ। ਟੀਮ ਹਰ ਰੋਜ਼ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲੈ ਰਹੀ ਹੈ। ਹਾਲਾਂਕਿ ਕੋਚ ਨੇ ਵਾਪਸੀ ਦੀ ਕੋਈ ਪੱਕੀ ਤਾਰੀਖ ਨਹੀਂ ਦਿੱਤੀ ਪਰ ਇਹ ਜ਼ਰੂਰ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਅਤੇ ਉਹ ਜਲਦ ਹੀ ਮੈਦਾਨ 'ਤੇ ਨਜ਼ਰ ਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਰੋਹਿਤ ਦੀ ਗੈਰ-ਮੌਜੂਦਗੀ ਵਿੱਚ ਮੁੰਬਈ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਪੰਜਾਬ ਕਿੰਗਜ਼ ਵਿਰੁੱਧ ਮੈਚ ਵਿੱਚ ਮੁੰਬਈ ਦੇ ਸਲਾਮੀ ਬੱਲੇਬਾਜ਼ ਕੁਇੰਟਨ ਡਿਕੌਕ ਦੇ ਤੇਜ਼ ਸੈਂਕੜੇ ਦੇ ਬਾਵਜੂਦ ਟੀਮ 196 ਦੌੜਾਂ ਦਾ ਬਚਾਅ ਨਹੀਂ ਕਰ ਸਕੀ। ਪੰਜਾਬ ਲਈ ਪ੍ਰਭਸਿਮਰਨ ਸਿੰਘ (ਅਜੇਤੂ 80) ਅਤੇ ਕਪਤਾਨ ਸ਼੍ਰੇਅਸ ਅਈਅਰ (66) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੁੰਬਈ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੰਜਾਬ ਕਿੰਗਜ਼ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
