ਵਿਰਾਟ ਕੋਹਲੀ ਦੀ ਵਿਕਟ ਲੈ ਕੇ ਬੋਲੇ ਸਾਕਿਬ ਹੁਸੈਨ- ''ਮਜ਼ਾ ਤਾਂ ਆਇਆ, ਇਹ ਮੇਰੀ ਡ੍ਰੀਮ ਵਿਕਟ ਸੀ''
Saturday, May 23, 2026 - 04:37 PM (IST)
ਹੈਦਰਾਬਾਦ : ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਨੌਜਵਾਨ ਤੇਜ਼ ਗੇਂਦਬਾਜ਼ ਸਾਕਿਬ ਹੁਸੈਨ ਨੇ ਆਈਪੀਐਲ 2026 ਵਿੱਚ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦੀ ਵਿਕਟ ਲੈ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਖੇਡੇ ਗਏ ਮੁਕਾਬਲੇ ਵਿੱਚ ਸਾਕਿਬ ਨੇ ਆਪਣੀ ਇੱਕ ਸ਼ਾਨਦਾਰ ਸਲੋਅਰ ਗੇਂਦ (slow ball) 'ਤੇ ਕੋਹਲੀ ਨੂੰ ਆਊਟ ਕੀਤਾ, ਜਿਸ ਨੂੰ ਉਨ੍ਹਾਂ ਨੇ ਆਪਣੇ ਕਰੀਅਰ ਦੀ 'ਡ੍ਰੀਮ ਵਿਕਟ' ਦੱਸਿਆ ਹੈ।
ਸਲੋਅਰ ਗੇਂਦ ਬਣੀ ਸਭ ਤੋਂ ਵੱਡਾ ਹਥਿਆਰ
ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਹਾਈ-ਸਕੋਰਿੰਗ ਮੈਚ ਵਿੱਚ, ਜਿੱਥੇ ਦੋਵਾਂ ਟੀਮਾਂ ਨੇ ਮਿਲ ਕੇ ਕੁੱਲ 455 ਦੌੜਾਂ ਬਣਾਈਆਂ, ਉੱਥੇ ਹੀ ਸਾਕਿਬ ਹੁਸੈਨ ਨੇ ਬੇਹੱਦ ਸੰਜਮ ਨਾਲ ਗੇਂਦਬਾਜ਼ੀ ਕੀਤ। ਉਨ੍ਹਾਂ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ਼ 31 ਦੌੜਾਂ ਦਿੱਤੀਆਂ। ਮੈਚ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਪਿੱਚ 'ਤੇ ਗੇਂਦ ਥੋੜ੍ਹੀ ਰੁਕ ਕੇ ਆ ਰਹੀ ਸੀ, ਇਸ ਲਈ ਉਨ੍ਹਾਂ ਨੇ ਆਪਣੀ ਰਣਨੀਤੀ ਦੇ ਤਹਿਤ ਸਲੋਅਰ ਗੇਂਦਾਂ ਦਾ ਵੱਧ ਇਸਤੇਮਾਲ ਕੀਤਾ, ਜੋ ਕਾਫ਼ੀ ਕਾਰਗਰ ਸਾਬਤ ਹੋਈ।
ਵਰੁਣ ਐਰੋਨ ਨੂੰ ਦਿੱਤਾ ਸਫਲਤਾ ਦਾ ਸਿਹਰਾ
21 ਸਾਲਾ ਇਸ ਤੇਜ਼ ਗੇਂਦਬਾਜ਼ ਨੇ ਆਪਣੀ ਸਫਲਤਾ ਦਾ ਸਿਹਰਾ SRH ਦੇ ਗੇਂਦਬਾਜ਼ੀ ਕੋਚ ਵਰੁਣ ਐਰੋਨ ਨੂੰ ਦਿੱਤਾ ਹੈ। ਸਾਕਿਬ ਅਨੁਸਾਰ, ਉਨ੍ਹਾਂ ਨੇ ਮੈਚ ਤੋਂ ਪਹਿਲਾਂ ਕੋਚ ਨਾਲ ਮਿਲ ਕੇ ਜੋ ਯੋਜਨਾ ਤਿਆਰ ਕੀਤੀ ਸੀ, ਉਸ ਨੂੰ ਮੈਦਾਨ 'ਤੇ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਵਰੁਣ ਭਾਈ ਨੇ ਉਨ੍ਹਾਂ ਨੂੰ ਵਿਕਟ ਨੂੰ ਸਮਝ ਕੇ ਗੇਂਦਬਾਜ਼ੀ ਕਰਨ ਦੀ ਸਲਾਹ ਦਿੱਤੀ ਸੀ।
ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ
ਸਾਕਿਬ ਹੁਸੈਨ ਇਸ ਸੀਜ਼ਨ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਬਣ ਕੇ ਉਭਰੇ ਹਨ। ਉਨ੍ਹਾਂ ਨੇ ਹੁਣ ਤੱਕ 10 ਪਾਰੀਆਂ ਵਿੱਚ 15 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਟੀਮ ਲਈ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਕੋਹਲੀ ਦੀ ਵਿਕਟ ਹਾਸਲ ਕਰਨ ਤੋਂ ਬਾਅਦ, ਉਹ ਆਈਪੀਐਲ 2026 ਦੇ ਟਾਪ-10 ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਗਏ ਹਨ।
SRH ਨੇ RCB ਨੂੰ 55 ਦੌੜਾਂ ਨਾਲ ਹਰਾਇਆ
ਇਸ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 255/4 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਆਰਸੀਬੀ ਦੀ ਟੀਮ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ ਅਤੇ ਹੈਦਰਾਬਾਦ ਨੇ ਇਹ ਮੈਚ 55 ਦੌੜਾਂ ਨਾਲ ਜਿੱਤ ਲਿਆ। ਹੁਣ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 27 ਮਈ ਨੂੰ ਹੋਣ ਵਾਲੇ ਐਲੀਮੀਨੇਟਰ ਮੁਕਾਬਲੇ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।
