ICC ਮਹਿਲਾ ਰੈਂਕਿੰਗ ''ਚ ਦੱਖਣੀ ਅਫਰੀਕੀ ਖਿਡਾਰੀਆਂ ਦੀ ਵੱਡੀ ਛਾਲ
Tuesday, Jun 14, 2022 - 06:36 PM (IST)
ਦੁਬਈ- ਦੱਖਣੀ ਅਫਰੀਕਾ ਦੀ ਬੱਲੇਬਾਜ਼ ਲਾਰਾ ਗੁੱਡਾਲ ਤੇ ਕਪਤਾਨ ਸੁਨੇ ਲੁਸ ਨੇ ਡਬਲਿਨ 'ਚ ਆਪਣੀ ਆਈ. ਸੀ .ਸੀ. ਮਹਿਲਾ ਚੈਂਪੀਅਨਸ਼ਿਪ ਸੀਰੀਜ਼ ਦੇ ਸ਼ੁਰੂਆਤੀ ਮੈਚ 'ਚ ਆਇਰਲੈਂਡ 'ਤੇ 9 ਵਿਕਟਾਂ ਨਾਲ ਜਿੱਤ ਦੇ ਬਾਅਦ ਆਈ. ਸੀ. ਸੀ. ਮਹਿਲਾ ਵਨ-ਡੇ ਖਿਡਾਰੀ ਰੈਂਕਿੰਗ 'ਚ ਬੜ੍ਹਤ ਹਾਸਲ ਕੀਤੀ ਹੈ। ਖੱਬੇ ਹੱਥ ਦੀ ਬੱਲੇਬਾਜ਼ ਗੁੱਡਆਲ ਅਜੇਤੂ 32 ਦੌੜਾਂ ਬਣਾ ਕੇ ਬੱਲੇਬਾਜ਼ਾਂ 'ਚ 9 ਪਾਇਦਾਨ ਉੱਪਰ 58ਵੇਂ ਸਥਾਨ 'ਤੇ ਪੁੱਜ ਗਈ।
ਦੂਜੇ ਪਾਸੇ ਆਲਰਾਊਂਡਰ ਲੁਸ ਨੇ ਆਪਣੀ ਲੈੱਗ ਸਪਿਨ ਗੇਂਦਬਾਜ਼ੀ ਦੀ ਬਦੌਲਤ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਤੇ ਗੇਂਦਬਾਜ਼ਾਂ ਦੀ ਸੂਚੀ 'ਚ 7 ਸਥਾਨ ਅੱਗੇ ਵੱਧ ਕੇ 39ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁੱਡਆਲ ਦੇ ਨਾਲ 55 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਦੇ ਹੋਏ ਅਜੇਤੂ 21 ਦੌੜਾਂ ਦੀ ਪਾਰੀ ਖੇਡਣ ਵਾਲੀ ਸਲਾਮੀ ਬੱਲੇਬਾਜ਼ ਐਂਡ੍ਰੀ ਸਟੇਨ ਨੇ ਮੰਗਲਵਾਰ ਨੂੰ ਮਹਿਲਾ ਖਿਡਾਰੀ ਰੈਂਕਿੰਗ ਦੇ ਨਵੇਂ ਹਫ਼ਤੇਵਾਰੀ ਅਪਡੇਟ 'ਤੇ ਸਾਂਝੇ 83ਵੇਂ ਸਥਾਨ 'ਤੇ ਜਗ੍ਹਾ ਬਣਾਈ।
ਆਇਰਲੈਂਡ ਦੀ ਨਵੀਂ ਗੇਂਦ ਦੀ ਗੇਂਦਬਾਜ਼ ਜੇਨ ਮੈਗਵਾਇਰ ਚਾਰ ਪਾਇਦਾਨ ਦੇ ਫ਼ਾਇਦੇ ਨਾਲ ਸਾਂਝੇ 83ਵੇਂ ਸਥਾਨ 'ਤੇ ਹੈ। ਡਬਲਿਨ 'ਚ ਜਿੱਤ ਦੇ ਨਾਲ ਦੱਖਣੀ ਅਫਰੀਕਾ ਨੇ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਪਹਿਲੇ ਦੋ ਅੰਕ ਹਾਸਲ ਕੀਤੇ। ਚੈਂਪੀਅਨਸ਼ਿਪ ਦੀ ਸ਼ੁਰੂਆਤੀ ਸੀਰੀਜ਼ 'ਚ ਸ਼੍ਰੀਲੰਕਾ 'ਤੇ 2-1 ਦੀ ਜਿੱਤ ਦੇ ਬਾਅਦ ਪਾਕਿਸਤਾਨ ਦੇ ਕੋਲ ਵਰਤਮਾਨ 'ਚ ਚਾਰ ਅੰਕ ਹਨ ਜਦਕਿ ਸ਼੍ਰੀਲੰਕਾ ਕੋਲ ਦੋ ਅੰਕ ਹਨ।